ਅਹਿਮਦਾਬਾਦ ‘ਚ 242 ਯਾਤਰੀਆਂ ਨੂੰ ਲੰਡਨ ਜਾ ਰਿਹਾ Air India ਦਾ ਜਹਾਜ਼ ਹਾਦਸਾਗ੍ਰਸਤ, ਗੁਜਰਾਤ ਦੇ ਸਾਬਕਾ CM ਵਿਜੇ ਰੂਪਾਨੀ ਵੀ ਸਨ ਸਵਾਰ
ਨਿਊਜ਼ ਪੰਜਾਬ
12 ਜੂਨ 2025
ਗੁਜਰਾਤ ਦੇ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ AI171 ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਉਡਾਣ ਨੇ ਜਿਵੇਂ ਹੀ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੇਕਆਫ਼ ਕੀਤਾ, ਕੁਝ ਸਕਿੰਟਾਂ ਦੇ ਅੰਦਰ ਹੀ ਜਹਾਜ਼ ਕੈਂਪ ਖੇਤਰ ‘ਚ ਬੇਕਾਬੂ ਹੋ ਕੇ ਲੈਂਡ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਨੂੰ ਅੱਗ ਲੱਗ ਗਈ ਜਿਸ ਨਾਲ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ।
ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਸ ਵਿੱਚ 2 ਪਾਇਲਟ, 10 ਕੈਬਿਨ ਕਰੂ ਅਤੇ ਯਾਤਰੀ ਸ਼ਾਮਲ ਸਨ। ਜਹਾਜ਼ ਦੀ ਕਮਾਂਡ ਕੈਪਟਨ ਸੁਮਿਤ ਸੱਭਰਵਾਲ ਕਰ ਰਹੇ ਸਨ ਅਤੇ ਉਨ੍ਹਾਂ ਨਾਲ ਫਸਟ ਅਫਸਰ ਕਲਾਈਵ ਕੁੰਦਰ ਵੀ ਮੌਜੂਦ ਸਨ। ਇਹ ਵੀ ਦੱਸਿਆ ਗਿਆ ਹੈ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਇਸ ਜਹਾਜ਼ ਵਿੱਚ ਸਵਾਰ ਸਨ। ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਸੂਚੀ ਵੀ ਸਾਹਮਣੇ ਆਈ ਹੈ, ਅਤੇ ਇਸ ਵਿੱਚ 12ਵੇਂ ਨੰਬਰ ‘ਤੇ ਵਿਜੇ ਰੂਪਾਨੀ ਦਾ ਨਾਮ ਸ਼ਾਮਲ ਹੈ।
ਹਾਦਸਾ ਸਿਵਲ ਹਸਪਤਾਲ ਨੇੜੇ ਸਥਿਤ ਕੈਂਪ ਖੇਤਰ ਵਿੱਚ ਵਾਪਰਿਆ। ਜਹਾਜ਼ ਹਵਾਈ ਅੱਡੇ ਦੀ ਹੱਦ ਵੀ ਪਾਰ ਨਹੀਂ ਕਰ ਸਕਿਆ ਸੀ। ਟੱਕਰ ਦੇ ਤੁਰੰਤ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।ਏਅਰ ਇੰਡੀਆ ਨੇ ਆਪਣੇ ਬਿਆਨ ਵਿੱਚ ਪੁਸ਼ਟੀ ਕੀਤੀ ਹੈ ਕਿ “ਉਡਾਣ AI171 ਅੱਜ ਸਵੇਰੇ ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ ਹਵਾਈ ਅੱਡੇ ਲਈ ਉਡਾਣ ਭਰ ਰਹੀ ਸੀ, ਜੋ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਈ। ਹਾਦਸੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।”