ਰਾਜਪੂਤ ਸਭਾ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਿਹ ਕਰਨ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸਮਾਗਮ ਕੀਤਾ – ਆਗੂਆਂ ਨੇ ਕਿਹਾ ਬਾਬਾ ਜੀ ਨੇ ਇਤਿਹਾਸ ਰੱਚਿਆ
ਲੁਧਿਆਣਾ, 26 ਮਈ – ਪ੍ਰਦੇਸ਼ ਰਾਜਪੂਤ ਸਭਾ ਅਤੇ ਜ਼ਿਲ੍ਹਾ ਰਾਜਪੂਤ ਸਭਾ ਲੁਧਿਆਣਾ ਵੱਲੋਂ ਰਾਜਪੂਤ ਭਵਨ ਵਿਖ਼ੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਿਹ ਕਰਨ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸਮਾਗਮ ਕੀਤਾ, ਪ੍ਰਦੇਸ਼ ਪ੍ਰਧਾਨ ਸ੍ਰ. ਕੁਲਵੰਤ ਸਿੰਘ ਚੌਹਾਨ, ਸ੍ਰ. ਪਰਮਦੀਪ ਸਿੰਘ ਜੌੜਾ ਪ੍ਰਧਾਨ ਜ਼ਿਲ੍ਹਾ ਰਾਜਪੂਤ ਸਭਾ ਲੁਧਿਆਣਾ, ਸ਼੍ਰੀ ਰਮੇਸ ਕੰਡਾ ਚੇਅਰਮੈਨ ਜ਼ਿਲ੍ਹਾ ਰਾਜਪੂਤ ਸਭਾ ਸ੍ਰ.ਦਲੀਪ ਸਿੰਘ ਭਾਮ, ਸ੍ਰ. ਮਹਿੰਦਰ ਸਿੰਘ ਚੌਹਾਨ, ਸ੍ਰ. ਬੇਅੰਤ ਸਿੰਘ ਜੌੜਾ, ਸ੍ਰ. ਹਰਜੀਤ ਸਿੰਘ ਜੌੜਾ, ਸ਼੍ਰੀ ਸੁਭਾਸ਼ ਕਾਂਡਾ,ਸ੍ਰ. ਸਤਨਾਮ ਸਿੰਘ ਭੁੱਟੋ, ਸ੍ਰ. ਗਿਆਨ ਸਿੰਘ ਖੁਰਮੀ ਸ੍ਰ. ਕੁਲਵੰਤ ਸਿੰਘ ਧੁੰਨਾ, ਸ੍ਰ. ਸੁਲੱਖਣ ਸਿੰਘ ਕੰਡਾ, ਲਵਲੀ ਡਾਬਰ, ਸ੍ਰ. ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ,
ਇਸ ਸਮੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਪ੍ਰਧਾਨ ਸ੍ਰ. ਕੁਲਵੰਤ ਸਿੰਘ ਚੌਹਾਨ ਅਤੇ ਸ੍ਰ. ਪਰਮਦੀਪ ਸਿੰਘ ਜੌੜਾ ਪ੍ਰਧਾਨ ਜ਼ਿਲ੍ਹਾ ਰਾਜਪੂਤ ਸਭਾ ਲੁਧਿਆਣਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੰਘਾਂ ਵੱਲੋਂ ਛੋਟੇ ਸਾਹਿਬਜਾਦਿਆ ਦੀ ਸ਼ਹੀਦੀ ਦਾ ਬਦਲਾ ਲੈ ਕੇ ਦੁਸ਼ਟ ਮੁਗਲਾਂ ਦਾ ਖ਼ਾਤਮਾ ਕਰ ਕੇ ਸਰਹਿੰਦ ਫ਼ਤਿਹ ਕੀਤੀ ਅਤੇ ਸਿੱਖ ਰਾਜ ਕਾਇਮ ਕਰਕੇ ਗੁਰੂ ਨਾਨਕ – ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕੇ ਜਾਰੀ ਕੀਤੇ
ਉਨ੍ਹਾਂ ਕਿਹਾ ਕਿ ਸਰਹਿੰਦ ਫ਼ਤਿਹ ਦਿਹਾੜਾ ਗੌਰਵਮਈ ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ ਹੈ। 12 ਮਈ, 1710 ਈਸਵੀ ਨੂੰ ਸਰਹਿੰਦ ਤੋਂ ਥੋੜੀ ਦੂਰ ਚੱਪੜਚਿੜੀ ਦੇ ਮੈਦਾਨ ‘ਚ ਸਿੱਖਾਂ ਤੇ ਮੁਗ਼ਲਾਂ ਵਿਚਕਾਰ ਫੈਸਲਾਕੁਨ ਯੁੱਧ ਹੋਇਆ। ਸਿੱਖਾਂ ਦੀ ਕਮਾਂਡ ਬਾਬਾ ਬੰਦਾ ਸਿੰਘ ਬਹਾਦਰ ਕਰ ਰਹੇ ਸਨ ਤੇ ਮੁਗ਼ਲਾਂ ਦੀ ਕਮਾਂਡ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਕੋਲ ਸੀ। ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਥਾਪੜੇ ਅਤੇ ਬੁਲੰਦ ਹੌਸਲੇ ਸਦਕਾ ਅਜਿਹਾ ਜ਼ਬਰਦਸਤ ਹਮਲਾ ਕੀਤਾ ਕਿ ਮੁਗ਼ਲਾਂ ਦੇ ਪੈਰ ਉਖੜਨੇ ਸ਼ੁਰੂ ਹੋ ਗਏ। ਇਸ ਖੂਨ-ਡੋਲ੍ਹਵੀਂ ਜੰਗ ਵਿੱਚ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਮੌਤ ਪਿੱਛੋਂ ਭਗਦੜ ਮੱਚ ਗਈ ਤੇ ਮੁਗ਼ਲ ਫੌਜ ਮੈਦਾਨ ਛੱਡ ਭੱਜ ਗਈ। ਅਕਾਲ ਦੇ ਜੈਕਾਰੇ ਗਜਾਉਂਦੇ ਸਿੰਘਾਂ ਨੇ ਸਰਹਿੰਦ ਦਾਖਲ ਹੋ ਕੇ ਸਿੱਖ ਰਾਜ ਦਾ ਝੰਡਾ ਲਹਿਰਾਇਆ। ਸਰਹਿੰਦ ਦਾ ਪ੍ਰਸ਼ਾਸਕੀ ਪ੍ਰਬੰਧ ਸੰਭਾਲਦਿਆਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸ. ਬਾਜ ਸਿੰਘ ਨੂੰ ਓਥੋਂ ਦਾ ਸੂਬੇਦਾਰ ਥਾਪਿਆ।
ਪ੍ਰਧਾਨ ਸ੍ਰ. ਕੁਲਵੰਤ ਸਿੰਘ ਚੌਹਾਨ ਅਤੇ ਸ੍ਰ. ਪਰਮਦੀਪ ਸਿੰਘ ਜੌੜਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਇਤਿਹਾਸ ਰੱਚ ਕੇ ਕੌਮ ਦਾ ਸਿਰ ਉੱਚਾ ਕੀਤਾ, ਉਨ੍ਹਾਂ ਕਿਹਾ ਕਿ ਸਮੁਚੇ ਰਾਜਪੂਤ ਭਾਈਚਾਰੇ ਨੂੰ ਉਨ੍ਹਾਂ ਤੇ ਮਾਨ ਹੈ