ਪਰਵਾਸੀ ਮਜ਼ਦੂਰ – ਪੰਜਾਬ ਵਿੱਚੋ 150 ਵਿਸ਼ੇਸ਼ ਰੇਲ ਗੱਡੀਆਂ ਰਾਹੀਂ 1,80,000 ਤੋਂ ਵੱਧ ਆਪਣੇ ਪਿੱਤਰੀ ਰਾਜਾਂ ਵਿੱਚ ਵਾਪਸ ਗਏ
ਨਿਊਜ਼ ਪੰਜਾਬ
ਚੰਡੀਗੜ੍ਹ, 16 ਮਈ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 150 ਵਿਸ਼ੇਸ਼ ਰੇਲ ਗੱਡੀਆਂ ਰਾਹੀਂ 1,80,000 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਵਿੱਚ ਵਾਪਸ ਜਾਣ ਦੀ ਸਹੂਲਤ ਮੁਹੱਈਆ ਕਰਵਾ ਕੇ, ਪੰਜਾਬ ਸੂਬੇ ਨੇ ਆਪਣੇ ਗ੍ਰਹਿ ਰਾਜਾਂ ਨੂੰ ਵਾਪਸ ਜਾਣ ਦੀ ਇੱਛਾ ਰੱਖਣ ਵਾਲਿਆਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਨਾ ਯਕੀਨੀ ਬਣਾਇਆ ਹੈ।
ਨੋਡਲ ਅਧਿਕਾਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬਾ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਹਰ ਤਰ੍ਹਾਂ ਦੀ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ 24 ਘੰਟੇ ਕੰਮ ਕਰ ਰਹੀ ਹੈ ਅਤੇ ਇਹ ਕਾਰਜ ਡਿਪਟੀ ਕਮਿਸ਼ਨਰਾਂ ਅਤੇ ਫਿਰੋਜ਼ਪੁਰ ਅਤੇ ਅੰਬਾਲਾ ਡਵੀਜ਼ਨ ਦੇ ਰੇਲਵੇ ਅਧਿਕਾਰੀਆਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਸ ਵੱਡੇ ਕਾਰਜ ’ਤੇ ਸਰਕਾਰੀ ਖਜ਼ਾਨੇ ’ਚੋਂ ਹੁਣ ਤੱਕ 10 ਕਰੋੜ ਰੁਪਏ ਦਾ ਖ਼ਰਚ ਆਇਆ ਹੈ। ਪੰਜਾਬ ਸਰਕਾਰ ਨੇ ਅਗਲੇ 10 ਦਿਨਾਂ ਵਿਚ 200 ਤੋਂ ਵੱਧ ਰੇਲ ਗੱਡੀਆਂ ਭੇਜਣ ਦੀ ਯੋਜਨਾ ਬਣਾਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਸੰਖਿਆ ਸੰਭਾਵਤ ਹੱਦ ਤੱਕ ਹੋਰ ਵੀ ਵਧੇਗੀ। ਵਿਕਾਸ ਪ੍ਰਤਾਪ ਨੇ ਅੱਗੇ ਕਿਹਾ ਕਿ ਪੰਜਾਬ ਵੱਲੋਂ ਰੋਜ਼ਾਨਾ 20 ਤੋਂ ਜ਼ਿਆਦਾ ਰੇਲ ਗੱਡੀਆਂ ਭੇਜਣ ਦੀ ਸੰਭਾਵਨਾ ਹੈ ਜੋ ਪੰਜਾਬ ਨੂੰ ਇਸ ਵਿਸ਼ਾਲ ਕਾਰਜ ਵਿੱਚ ਮੋਹਰੀ ਸੂਬਾ ਬਣਾਉਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਕਟ ਦੇ ਸ਼ੁਰੂ ਤੋਂ ਹੀ ਸੂਬੇ ਵਿੱਚ ਕੰਮ ਕਰ ਰਹੇ ਸਾਰੇ ਪ੍ਰਵਾਸੀਆਂ, ਜੋ ਆਪਣੇ ਪਿੱਤਰੀ ਰਾਜਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ, ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸੀ।
ਪ੍ਰਵਾਸੀਆ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪਹੁੰਚਾਉਣ ਲਈ ਕੁੱਲ 150 ਵਿਚੋਂ, ਸਭ ਤੋਂ ਵੱਧ ਰੇਲਗੱਡੀਆਂ (57) ਲੁਧਿਆਣਾ ਤੋਂ ਅਤੇ 45 ਰੇਲ ਗੱਡੀਆਂ ਜਲੰਧਰ ਤੋਂ ਚੱਲੀਆਂ ਹਨ। ਹੋਰ ਥਾਵਾਂ ਜਿੱਥੋਂ ਰੇਲ ਗੱਡੀਆਂ ਪ੍ਰਵਾਸੀਆਂ ਨੂੰ ਲੈ ਕੇ ਰਵਾਨਾ ਹੋਈਆਂ ਹਨ ਉਨ੍ਹਾਂ ਵਿਚ ਅੰਮਿ੍ਰਤਸਰ, ਪਟਿਆਲਾ, ਮੁਹਾਲੀ, ਬਠਿੰਡਾ, ਫਿਰੋਜ਼ਪੁਰ ਅਤੇ ਸਰਹਿੰਦ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਸੀਂ ਦੋਰਾਹਾ ਤੋਂ ਵੀ ਰੇਲ ਗੱਡੀਆਂ ਚਲਾਉਣ ਜਾ ਰਹੇ ਹਨ।
ਸਭ ਤੋਂ ਵੱਧ ਰੇਲ ਗੱਡੀਆਂ ਯੂ.ਪੀ. ਅਤੇ ਉਸ ਤੋਂ ਬਾਅਦ ਬਿਹਾਰ ਅਤੇ ਝਾਰਖੰਡ ਨੂੰ ਜਾ ਰਹੀਆਂ ਹਨ। ਪੰਜਾਬ ਸਰਕਾਰ ਛੱਤੀਸਗੜ੍ਹ, ਮਨੀਪੁਰ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਨੂੰ ਵੀ ਰੇਲਾਂ ਭੇਜ ਰਹੀ ਹੈ।
ਪ੍ਰਵਾਸੀਆਂ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਘੱਟ ਕਰਨ ਲਈ ਸੂਬੇ ਵੱਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਘਰ ਵਾਪਸ ਜਾਣ ਵਾਲੇ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਸਫ਼ਰ ਲਈ ਭੋਜਨ, ਪਾਣੀ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਇਸ ਤੋਂ ਇਲਾਵਾ, ਇਨ੍ਹਾਂ ਸਾਰੇ ਰਾਜਾਂ ਲਈ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਜੋ ਪ੍ਰਵਾਸੀਆਂ ਦੀ ਉਨ੍ਹਾਂ ਦੇੇ ਗ੍ਰਹਿ ਰਾਜਾਂ ਨੂੰ ਸੁਰੱਖਿਅਤ ਵਾਪਸੀ ਦੀ ਸਹੂਲਤ ਲਈ ਦੂਜੇ ਰਾਜਾਂ ਵਿੱਚ ਆਪਣੇ ਹਮਰੁਤਬਾ ਨਾਲ ਸਰਗਰਮੀ ਨਾਲ ਸੰਪਰਕ ਵਿੱਚ ਹਨ ਅਤੇ ਪ੍ਰਵਾਸੀਆਂ ਦੀ ਲਾਜ਼ਮੀ ਡਾਕਟਰੀ ਜਾਂਚ ਲਈ ਡਿਪਟੀ ਕਮਿਸਨਰਜ਼ ਪੱਧਰ ’ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਗੱਡੀਆਂ ਵਿੱਚ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਵਾਇਰਸ ਦੇ ਕੋਈ ਲੱਛਣ ਨਹੀਂ ਪਾਏ ਜਾਂਦੇ।
————–