ਪੰਜਾਬ ਵਿਜੀਲੈਂਸ ਬਿਊਰੋ ਵੱਲੋਂ STF ਦੇ ਸਹਾਇਕ ਥਾਣੇਦਾਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕੀਤਾ ਗ੍ਰਿਫਤਾਰ
ਨਿਊਜ਼ ਪੰਜਾਬ
ਬਠਿੰਡਾ, 22 ਮਈ 2025
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ। ਵਿਜੀਲੈਂਸ ਟੀਮ ਨੇ ਐਸਟੀਐਫ ਦੇ ਸਹਾਇਕ ਥਾਣੇਦਾਰ (ਏਐਸਆਈ) ਮੀਜਰ ਸਿੰਘ ਅਤੇ ਉਸ ਦੇ ਨਿਜੀ ਸਾਥੀ, ਜੋ ਕਿ ਇੱਕ ਪ੍ਰਾਈਵੇਟ ਦਲਾਲ ਵਜੋਂ ਕੰਮ ਕਰ ਰਿਹਾ ਸੀ, ਨੂੰ 1 ਲੱਖ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ।
ਇਹ ਕਾਰਵਾਈ ਬਠਿੰਡਾ ਵਿਜੀਲੈਂਸ ਵਿਭਾਗ ਵੱਲੋਂ ਤਲਵੰਡੀ ਸਾਬੋ ਨਜ਼ਦੀਕ ਨੱਤ ਰੋੜ ‘ਤੇ ਦੇਰ ਰਾਤ ਕੀਤੀ ਗਈ। ਦੋਸ਼ ਲਗਾਇਆ ਗਿਆ ਹੈ ਕਿ ਏਐਸਆਈ ਮੀਜਰ ਸਿੰਘ ਅਤੇ ਉਸ ਦੇ ਦਲਾਲ ਸਾਥੀ ਨੇ ਚਿੱਟੇ (ਮਾਦਕ ਪਦਾਰਥ) ਦੇ ਮਾਮਲੇ ਵਿੱਚ ਫੜੇ ਗਏ ਇੱਕ ਵਿਅਕਤੀ ਦੀ ਜਾਮਾ ਤਲਾਸ਼ੀ ਦੌਰਾਨ ਬਰਾਮਦ ਹੋਏ ਨਕਦੀ ਰਕਮ ਅਤੇ ਸੋਨੇ ਦੀ ਵਾਪਸੀ ਕਰਵਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਵਿਭਾਗ ਨੂੰ ਇਸ ਗੰਭੀਰ ਮਾਮਲੇ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਸੋਚ-ਵਿਚਾਰ ਅਤੇ ਯੋਜਨਾ ਨਾਲ ਕਾਰਵਾਈ ਕਰਦਿਆਂ ਦੋਨੋ ਮੁਲਜ਼ਮਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ।ਕਾਰਵਾਈ ਦੌਰਾਨ, ਮੌਕੇ ‘ਤੇ ਹੀ 1,05,000 ਰੁਪਏ ਦੀ ਰਕਮ ਰਿਕਵਰ ਕੀਤੀ ਗਈ ਹੈ। ਦੋਵਾਂ ਵਿਅਕਤੀਆਂ ਦੇ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਸੰਬੰਧਿਤ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।