ਸਲਾਹ ! ਝੋਨੇ ਦੀ ਸਿਧੀ ਬਿਜਾਈ 1 ਜੂਨ ਤੋਂ ਪਹਿਲਾਂ ਨਾ ਕਰੋ ਕਿਸਾਨ ਭਰਾਵੋ

ਪੀ.ਏ.ਯੂ. ਮਾਹਿਰਾਂ ਨੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨਾਂ ਨੂੰ ਕੀਤੀਆਂ ਸਿਫ਼ਾਰਸ਼ਾਂ

ਨਿਊਜ਼ ਪੰਜਾਬ

ਲੁਧਿਆਣਾ, 15 ਮਈ -ਝੋਨੇ ਦੀ ਸਿੱਧੀ ਬਿਜਾਈ, ਇਸ ਸਾਲ ਲੁਆਈ ਸਮੇਂ ਆਉਣ ਵਾਲੀ, ਲੇਬਰ ਦੀ ਸਮਸਿਆ ਦਾ ਇਕ ਚੰਗਾ ਬਦਲ ਹੈ। ਕਿਸਾਨ ਇਸ ਤਕਨੀਕ ਵਿਚ ਕਾਫੀ ਰੁਚੀ ਦਿਖਾ ਰਹੇ ਹਨ ਅਤੇ ਬਹੁਤੇ ਕਿਸਾਨ ਇਸ ਵਿਧੀ ਨੂੰ ਪਹਿਲੀ ਵਾਰ ਅਪਣਾ ਰਹੇ ਹਨ।
ਇਸ ਸੰਬੰਧੀ ਗੱਲ ਕਰਦਿਆਂ ਪੀ.ਏ.ਯੂ. ਦੇ ਫ਼ਸਲ ਵਿਗਿਆਨ ਮਾਹਿਰ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਇਹ ਦੱਸਣਾ ਜ਼ਰੂਰੀ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਰਵਾਇਤੀ ਢੰਗ (ਕੱਦੂ ਕਰਕੇ ਪਨੀਰੀ ਲਾਉਣ) ਨਾਲੋਂ ਕਿਤੇ ਜ਼ਿਆਦਾ ਸਮਾਂ ਬੱਧ ਅਤੇ ਜ਼ਿਆਦਾ ਸੁਚਾਰੂ ਢੰਗਾਂ ਵਾਲੀ ਵਿਧੀ ਹੈ। ਇਸ ਕਰਕੇ ਜਿਹੜੇ ਕਿਸਾਨ ਇਸ ਵਿਧੀ ਨੂੰ ਪਹਿਲੀ ਵਾਰ ਅਪਣਾ ਰਹੇ ਹਨ, ਉਹਨਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਹ ਵੇਖਣ ਵਿਚ ਆਇਆ ਹੈ ਕਿ ਕੁਝ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਵੀ ਕਰ ਦਿਤੀ ਹੈ, ਜੋ ਕਿ ਬਹੁਤ ਅਗੇਤੀ ਹੈ। ਉਹਨਾਂ ਕਿਹਾ ਕਿ ਜੂਨ ਮਹੀਨੇ ਵਿਚ ਸਿੱਧੀ ਬਿਜਾਈ ਨਾਲ ਬੀਜੀ ਝੋਨੇ ਦੀ ਫਸਲ ਚੰਗਾ ਝਾੜ ਅਤੇ ਮਿਆਰ ਦਿੰਦੀ ਹੈ। ਇਸ ਦੇ ਉਲਟ, ਮਈ ਮਹੀਨੇ ਵਿਚ ਕੀਤੀ ਅਗੇਤੀ ਬਿਜਾਈ ਲਈ ਜ਼ਿਆਦਾ ਸਿੰਚਾਈ ਦੀ ਲੋੜ ਪੈਂਦੀ ਹੈ ਜਿਸ ਨਾਲ ਪਾਣੀ ਦੀ ਖਪਤ ਤਾਂ ਵਧਦੀ ਹੀ ਹੈ ਨਦੀਨਾਂ ਦੀ ਸਮੱਸਿਆ ਵੀ ਜਿਆਦਾ ਆÀੁਂਦੀ ਹੈ। ਅਗੇਤੀ ਬਿਜਾਈ ਕਰਨ ਨਾਲ ਬੂਰ ਪੈਣ ਸਮੇਂ ਜ਼ਿਆਦਾ ਤਾਪਮਾਨ ਹੋਣ ਕਰਕੇ ਫੋਕ ਵੀ ਪੈ ਸਕਦੀ ਹੈ। ਇਹ ਕਾਰਨ ਅਗੇਤੇ ਬੀਜੇ ਝੋਨੇ ਦਾ ਝਾੜ ਅਤੇ ਮਿਆਰ ਘਟਾ ਸਕਦੇ ਹਨ।
ਡਾ. ਭੁੱਲਰ ਨੇ ਕਿਹਾ ਕਿ ਸਿੱਧੀ ਬਿਜਾਈ ਵਾਲੀ ਝੋਨੇ ਦੀ ਫਸਲ ਕੱਦੂ ਕੀਤੇ ਝੋਨੇ ਨਾਲੋਂ 7 ਤੋਂ 10 ਦਿਨ ਪਹਿਲਾਂ ਪੱਕ ਜਾਂਦੀ ਹੈ। ਜੂਨ ਦਾ ਪਹਿਲਾ ਪੰਦਰਵਾੜਾ (1 ਤੋਂ 15 ਜੂਨ) ਸਿੱਧੀ ਬਿਜਾਈ ਲਈ ਢੁਕਵਾਂ ਸਮਾਂ ਹੈ। ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪੀ ਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ (16 ਤੋਂ 30 ਜੂਨ) ਵਿੱਚ ਵੀ ਕੀਤੀ ਜਾ ਸਕਦੀ ਹੈ। ਜਿਨ•ਾਂ ਕਿਸਾਨਾਂ ਨੇ ਝੋਨੇ ਤੋਂ ਬਾਅਦ ਆਲੂ ਅਤੇ ਮਟਰ ਦੀ ਫਸਲ ਲੈਣੀ ਹੈ, ਉਹ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਆਰ 126 ਦੀ ਬਿਜਾਈ ਜੂਨ ਦੇ ਪਹਿਲੇ ਹਫਤੇ ਵੀ ਕਰ ਸਕਦੇ ਹਨ।
ਡਾ. ਭੁੱਲਰ ਨੇ ਸਿੱਧੀ ਬਿਜਾਈ ਦੀ ਤਕਨੀਕ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਇਸ ਤਰ•ਾਂ ਝੋਨੇ ਦੀ ਬਿਜਾਈ ਲਈ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ ਅਤੇ ‘ਰੌਣੀ’ ਕਰ ਦਿਉ । ਜਦੋਂ ਖੇਤ ਤਰ ਵੱਤਰ ਹਾਲਤ ਵਿਚ ਆ ਜਾਵੇ ਤਾਂ ਦੋ ਵਾਰ ਹਲਾਂ ਨਾਲ ਵਾਹ ਕੇ ਤੇ ਦੋ ਵਾਰ ਭਾਰੇ ਸੁਹਾਗੇ ਮਾਰ ਕੇ ਤੁਰੰਤ ਬਿਜਾਈ ਕਰ ਦਿਉ। ਬਿਜਾਈ ਲਈ ਲੱਕੀ ਸੀਡ ਡਰਿੱਲ ਜਿਹੜੀ ਕਿ ਬਿਜਾਈ ਅਤੇ ਨਦੀਨ ਨਾਸਕ ਦੀ ਸਪਰੇ ਨਾਲੋ ਨਾਲ ਕਰਦੀ ਹੈ, ਦੀ ਵਰਤੋਂ ਨੂੰ ਤਰਜੀਹ ਦਿਉ। ਜੇਕਰ ਬਿਜਾਈ ਸਾਧਾਰਨ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨ ਨਾਸਕ ਦੀ ਸਪਰੇ ਕਰ ਦਿਉ। ਇਹ ਖਿਆਲ ਰਹੇ ਕਿ ਬੀਜ ਨੂੰ ਮਿੱਟੀ ਨਾਲ ਢਕਣ ਲਈ ਬਿਜਾਈ ਵਾਲੀ ਡਰਿੱਲ ਦੇ ਫਾਲ•ੇ ਦੇ ਪਿੱਛੇ ਸੰਗਲ ਜ਼ਰੂਰ ਲੱਗੇ ਹੋਣੇ ਚਾਹੀਦੇ ਹਨ। ਜਿਹੜੇ ਕਿਸਾਨ ਕਣਕ ਵਾਲੀਆਂ ਆਮ ਡਰਿੱਲਾਂ ਜਿਵੇਂ ਕਿ ਜ਼ੀਰੋ ਡਰਿੱਲ, ਹੈਪੀ ਸੀਡਰ ਡਰਿੱਲ ਨੂੰ ਸੋਧ ਕਰਕੇ ਝੋਨੇ ਦੀ ਸਿੱਧੀ ਬਿਜਾਈ ਲਈ ਵਰਤ ਰਹੇ ਹਨ, ਉਹ ਇਸ ਗੱਲ ਦਾ ਖਾਸ ਖਿਆਲ ਰੱਖਣ।
ਬੀਜਣ ਤੋਂ ਪਹਿਲਾਂ ਬੀਜ ਨੂੰ 8-12 ਘੰਟੇ ਤਕ ਪਾਣੀ ਵਿਚ ਭਿਉਂ ਕੇ ਰੱਖਣ ਤੋਂ ਬਾਅਦ ਛਾਵੇਂ ਸੁਕਾ ਕੇ ਦਵਾਈ ਨਾਲ ਸੋਧ ਲਵੋ। ਸਿੱਧੀ ਬਿਜਾਈ ਸਮੇਂ ਬੀਜ ਦੀ ਡੂੰਘਾਈ ਦਾ ਖਾਸ ਖਿਆਲ ਰੱਖੋ। ਢੁਕਵੀਂ ਡੂੰਘਾਈ 2.5 ਤੋਂ 3.0 ਸੈਂਟੀਮੀਟਰ ਇਕ ਤੋਂ ਸਵਾ ਇੰਚ ਹੈ। ਬਿਜਾਈ ਦਿਨ ਢਲੇ (ਸ਼ਾਮ) ਜਾਂ ਸਵੇਰ ਸਵਖਤੇ ਹੀ ਕਰੋ ਤਾਂ ਕਿ ਨਦੀਨ ਨਾਸ਼ਕ ਤੋਂ ਪੂਰਾ ਲਾਭ ਲਿਆ ਜਾ ਸਕੇ। ਨਦੀਨਾਂ ਦੀ ਸਮੱਸਿਆ ਅਤੇ ਖੁਰਾਕੀ ਤੱਤਾਂ ਖਾਸ ਕਰਕੇ ਲੋਹੇ ਦੀ ਘਾਟ ਤੋਂ ਬਚਾਅ ਲਈ ਪਹਿਲਾ ਪਾਣੀ ਦੇਰੀ ਨਾਲ, ਤੇ ਤਕਰੀਬਨ 21 ਦਿਨਾਂ ਬਾਅਦ ਲਾਉ।
ਡਾ. ਭੁੱਲਰ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਜ਼ਿਆਦਾ ਧਿਆਨ ਦੀ ਮੰਗ ਕਰਦੀ ਹੈ।ਇਸ ਕਰਕੇ ਇਸ ਨੂੰ ਵੱਡੇ ਪੱਧਰ ਤੇ ਅਪਣਾਉਣ ਤੋਂ ਪਹਿਲਾਂ ਇਸ ਦੇ ਹਰ ਪੱਖ ਨੂੰ ਬਰੀਕੀ ਨਾਲ ਸਮਝਣ ਦੀ ਜਰੂਰਤ ਹੈ। ਜੋ ਕਿਸਾਨ ਸਿੱਧੀ ਬਿਜਾਈ ਸਫਲਤਾ ਪੂਰਵਕ ਕਰ ਰਹੇ ਹਨ ਉਹਨਾਂ ਨੇ ਇਸ ਵਿਧੀ ਨੂੰ ਪਹਿਲਾਂ ਛੋਟੇ ਪੱਧਰ ਤੇ ਸ਼ੁਰੂ ਕੀਤਾ ਸੀ ਅਤੇ ਇਸ ਵਿਚ ਮਾਹਿਰ ਹੋਣ ਉਪਰੰਤ ਹੀ ਇਸ ਤਕਨੀਕ ਨੂੰ ਵਡੇ ਪੱਧਰ ਤੇ ਅਪਣਾਇਆ। ਲੇਬਰ ਦੀ ਕਮੀ ਦੀ ਹਾਲਤ ਵਿੱਚ ਕਿਸਾਨਾਂ ਨੂੰ ਇਸ ਤਕਨੀਕ ਦੇ ਅਹਿਮ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਪਣਾਉਣ ਦੀ ਲੋੜ ਹੈ।