ਮੁੱਖ ਖ਼ਬਰਾਂਪੰਜਾਬਭਾਰਤ

ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਬਾਰੇ ਕਰ ਦਿੱਤਾ ਸਪਸ਼ਟ  – ਦੱਸਿਆ ਮੋਜ਼ੂਦਾ ਅਤੇ ਭਵਿੱਖ ਲਈ ਕੌਣ ਹੋਵੇਗਾ ਮੁੱਖ ਮੰਤਰੀ 

News Punjab 

ਆਪ ਦੇ ਮੁੱਖੀ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ

ਨਿਊਜ਼ ਪੰਜਾਬ

ਅੰਮ੍ਰਿਤਸਰ, 16 ਮਾਰਚ – ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਤਿੰਨ ਵਰ੍ਹੇ ਮੁਕੰਮਲ ਕਰਨ ਤੇ ਅੱਜ ਅੰਮ੍ਰਿਤਸਰ ਵਿੱਚ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕਰ ਦਿੱਤਾ ਕਿ ‘ਮਾਨ ਸਾਹਿਬ ਪੰਜ ਸਾਲ ਪੂਰੇ ਕਰਨਗੇ, ਚਿੰਤਾ ਨਾ ਕਰੋ, ਅਗਲੇ ਪੰਜ ਸਾਲ ਵੀ ਪੂਰੇ ਕਰਨਗੇ।

ਇਹ ਪਹਿਲਾ ਮੌਕਾ ਹੈ ਜਦੋਂ ਜਨਤਕ ਤੌਰ ‘ਤੇ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਆਪਸੀ ਤਾਲਮੇਲ ਅਤੇ ਲਹਿਜ਼ੇ ਵਿੱਚ ਖੁਸ਼ੀ ਵਾਲਾ ਰੌਂਅ ਝਲਕਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਬਾਰੇ ਸਪਸ਼ਟ ਕਰ ਦਿੱਤਾ ਗਿਆ । ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ ਜਨਤਕ ਤੌਰ ‘ਤੇ ਭਵਿੱਖ ਲਈ ਪ੍ਰਵਾਨ ਕਰ ਲੈਣਾ ਪੰਜਾਬ ਦੀ ਸਿਆਸਤ ਵਿੱਚ ਆਪ ਆਗੂ ਬਾਰੇ ਇੱਕ ਸਪੱਸ਼ਟ ਰਾਜਨੀਤਕ ਇਸ਼ਾਰਾ ਹੈ। ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ  ਹੁਸ਼ਿਆਰਪੁਰ ਦੇ ਮਹਿਲਾਂਵਾਲੀ ਪਿੰਡ ਨੇੜੇ ਆਨੰਦਗੜ੍ਹ ਸਥਿਤ ਧੰਮ-ਧਜ ਵਿਪਾਸਨਾ ਯੋਗਾ ਕੇਂਦਰ ਤੋਂ ਅੰਮ੍ਰਿਤਸਰ ਪੁੱਜੇ ਸਨ

ਦੁਪਹਿਰ ਵੇਲੇ, ਅਰਵਿੰਦ ਕੇਜਰੀਵਾਲ ਆਪਣੀ ਪਤਨੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਤਿੰਨ ਸਾਲ ਪੂਰੇ ਹੋਣ ‘ਤੇ ਕੇਜਰੀਵਾਲ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।

 ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨਸ਼ਾਖੋਰੀ ਅਤੇ ਭ੍ਰਿਸ਼ਟਾਚਾਰ ਹੈ। ਅਸੀਂ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਛੇੜਾਂਗੇ। ਇਹ ਇਨਸਾਫ਼ ਦੀ ਲੜਾਈ ਹੈ। ਮੈਂ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈਣ ਆਇਆ ਹਾਂ ਕਿ ਅਸੀਂ ਇਸ ਤਰ੍ਹਾਂ ਗਰੀਬਾਂ ਦੀ ਸੇਵਾ ਕਰਦੇ ਰਹੀਏ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਆਪਣੇ 5 ਸਾਲ ਪੂਰੇ ਕਰਨਗੇ ਅਤੇ ਅਗਲੇ 5 ਸਾਲ ਵੀ ਪੂਰੇ ਕਰਨਗੇ।