ਸ਼ਰਾਬ ਨਹੀਂ – ਦੁੱਧ ਪੀਓ ਜਨਾਬ ! ਯੂਥ ਅਕਾਲੀਆਂ ਨੇ ਕਿਹਾ ਸਰਕਾਰ ਜੀ ਸ਼ਰਾਬ ਨਾ ਪਿਆਓ ਲੋਕਾਂ ਨੂੰ
ਲੁਧਿਆਣਾ , 7 ਮਈ ( ਨਿਊਜ਼ ਪੰਜਾਬ ) : ਲਾੱਕਡਾਊਨ ਦੌਰਾਨ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੇ ਕਾਂਗਰਸ ਸਰਕਾਰ ਦੇ ਫੈਸਲੇ ਦੇ ਵਿਰੋਧ ਵਿੱਚ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਸ਼ਰਾਬ ਦੇ ਠੇਕਿਆਂ ਦੇ ਬਾਹਰ ਮੁਫਤ ਦੁੱਧ ਵੰਡਿਆ।
ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਲਾੱਕਡਾਉਨ ਵਿੱਚ ਲੋਕਾਂ ਕੋਲ ਕਰਿਆਨੇ ਅਤੇ ਹੋਰ ਰੋਜ਼ਮਰ੍ਹਾ ਦੀਆਂ ਜ਼ਰੂਰੀ ਵਸਤਾਂ ਖਰੀਦਣ ਲਈ ਪੈਸੇ ਨਹੀਂ ਹਨ ਅਤੇ ਉਨ੍ਹਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਦੀ ਬਜਾਏ ਸਰਕਾਰ ਨੇ ਮਾਲੀਆ ਕਮਾਉਣ ਲਈ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹ ਦਿੱਤਾ ਹੈ।
ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਇਹ ਉਹ ਸਮਾਂ ਹੈ ਜਦੋਂ ਸਰਕਾਰ ਨੂੰ ਰਾਹਤ ਪੈਕੇਜ, ਬਿਜਲੀ ਬਿੱਲ ਅਤੇ ਸਕੂਲ ਫੀਸਾਂ ਮੁਆਫ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ ਪਰ ਸਰਕਾਰ ਨੇ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਲੋਕਾਂ ਕੋਲ ਰੋਟੀ ਖਾਣ ਲਈ ਪੈਸੇ ਨਹੀਂ ਹਨ ਅਤੇ ਉਹ ਸ਼ਰਾਬ ਕਿਵੇਂ ਖਰੀਦ ਸਕਦੇ ਹਨ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸ਼ਰਾਬ ਦੀ ਵਿਕਰੀ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਵੀ ਵਾਧਾ ਕਰੇਗੀ।
ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸਰਕਾਰ ਦੇ ਫੈਸਲੇ ਦੇ ਵਿਰੋਧ ਵਿੱਚ ਉਹ ਲੋੜਵੰਦਾਂ ਨੂੰ ਮੁਫਤ ਵਿੱਚ ਦੁੱਧ ਵੰਡ ਰਹੇ ਹਨ। ਗੁਰਦੀਪ ਸਿੰਘ ਗੋਸ਼ਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਾਰ ਹਫ਼ਤਿਆਂ ਵਿੱਚ ਪੰਜਾਬ ਵਿੱਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਵੀ ਯਾਦ ਕਰਵਾਇਆ। ਉਨ੍ਹਾਂ ਕਿਹਾ ਕਿ ਲਾਕਡਾਉਨ ਇਕ ਸਹੀ ਸਮਾਂ ਸੀ ਕਿ ਮਰੀਜ਼ਾਂ ਦਾ ਨਸ਼ਾ ਛੁਡਵਾਇਆ ਜਾ ਸਕਦਾ ਸੀ ਪਰ ਸਰਕਾਰ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹ ਰਹੀ ਹੈ।