ਪੰਜਾਬਅੰਤਰਰਾਸ਼ਟਰੀ

ਗੁਰਭਜਨ ਗਿੱਲ ਦਾ ਗੀਤ ਸੰਗ੍ਰਹਿ “ ਮੇਰੇ ਪੰਜ ਦਰਿਆ” ਯਕੀਨਨ ਹਿੰਦ ਪਾਕਿ ਰਿਸ਼ਤਿਆਂ ਦੀ ਆਧਾਰਸ਼ਿਲਾ ਮਜ਼ਬੂਤ ਕਰਨਗੇ — ਡਾ. ਜੌਹਲ

ਨਿਊਜ਼ ਪੰਜਾਬ

ਚੜ੍ਹਦੇ ਪੰਜਾਬ ਦਾ ਸਾਹਿੱਤ ਸ਼ਾਹਮੁਖੀ ਲਿਪੀ ਵਿੱਚ ਲਹਿੰਦੇ ਪੰਜਾਬ ਦੇ ਪਾਠਕਾਂ ਲਈ ਅਤੇ ਲਹਿੰਦੇ ਪੰਜਾਬ ਦਾ ਸਾਹਿੱਤ ਗੁਰਮੁਖੀ ਲਿਪੀ ਵਿੱਚ ਏਧਰ ਛਪਣਾ ਚਾਹੀਦਾ ਹੈ – ਡਾ. ਸ ਸ ਜੌਹਲ

ਨਿਊਜ਼ ਪੰਜਾਬ

ਲੁਧਿਆਣਾਃ 25 ਫਰਵਰੀ – ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਗੁਰਭਜਨ ਗਿੱਲ ਦੇ ਸਮੁੱਚੇ ਗੀਤਾਂ ਨੂੰ ਸ਼ਾਹਮੁਖੀ ਵਿੱਚ “ਮੇਰੇ ਪੰਜ ਦਰਿਆ” ਨਾਮ ਹੇਠ ਪ੍ਰਕਾਸ਼ਿਤ ਹੋਣ ਤੇ ਮੁਬਾਰਕ ਦੇਂਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ, ਪੰਜਾਬੀ ਯੂਨੀਃ ਪਟਿਆਲਾ ਅਤੇ ਪੀ ਏ ਯੂ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਪਦਮ ਭੂਸ਼ਨ ਡਾ. ਸ ਸ ਜੌਹਲ ਨੇ ਕਿਹਾ ਹੈ ਕਿ ਚੜ੍ਹਦੇ ਪੰਜਾਬ ਦਾ ਸਾਹਿੱਤ ਸ਼ਾਹਮੁਖੀ ਲਿਪੀ ਵਿੱਚ ਲਹਿੰਦੇ ਪੰਜਾਬ ਦੇ ਪਾਠਕਾਂ ਲਈ ਅਤੇ ਲਹਿੰਦੇ ਪੰਜਾਬ ਦਾ ਸਾਹਿੱਤ ਗੁਰਮੁਖੀ ਲਿਪੀ ਵਿੱਚ ਏਧਰ ਛਪਣਾ ਚਾਹੀਦਾ ਹੈ ਤਾਂ ਜੋ ਸਮੂਹ ਪੰਜਾਬੀਆਂ ਨੂੰ ਸਾਂਝੀ ਅਦਬੀ ਵਿਰਾਸਤ ਨਾਲ ਜੋੜਿਆ ਦਾ ਸਕੇ। ਉਨ੍ਹਾਂ ਕਿਹਾ ਕਿ ਗੁਰਭਜਨ ਦਾ ਗੀਤ ਸੰਗ੍ਰਹਿ “ ਮੇਰੇ ਪੰਜ ਦਰਿਆ” ਯਕੀਨਨ ਹਿੰਦ ਪਾਕਿ ਰਿਸ਼ਤਿਆਂ ਦੀ ਆਧਾਰਸ਼ਿਲਾ ਮਜ਼ਬੂਤ ਕਰਨਗੇ। ਇਹੋ ਜਹੇ ਯਤਨ ਲਗਾਤਾਰ ਵਧਾਉਣ ਦੀ ਲੋੜ ਹੈ।

ਇਸ ਮੌਕੇ ਬੋਲਦਿਆਂ ਗੁਰਭਜਨ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ 2001 ਵਿੱਚ ਹੀ ਇਹ ਮਹਿਸੂਸ ਕਰ ਲਿਆ ਸੀ ਕਿ ਦੋਹਾਂ ਦੇਸ਼ਾਂ ਦੇ ਸਾਹਿੱਤ ਵਿੱਚ ਮਿਲਵਰਤਣ ਘਟਣ ਕਾਰਨ ਅਨੇਕਾਂ ਭਰਮ ਭੁਲੇਖੇ ਪੈ ਰਹੇ ਹਨ। ਪਰ ਹੁਣ ਪੰਜਾਬੀ ਲੇਖਕਾਂ ਨੇ ਏਧਰ ਧਿਆਨ ਦਿੱਤਾ ਹੈ ਜਿਸ ਨਾਲ ਲਗਪਗ 2500 ਕਿਤਾਬਾਂ ਸ਼ਾਹਮੁਖੀ ਤੋਂ ਲਿਪੀਅੰਤਰ ਹੋ ਕੇ ਚੜ੍ਹਦੇ ਪੰਜਾਬ ਵਿੱਚ ਗੁਰਮੁਖੀ ਸਰੂਪ ਧਾਰ ਚੁੱਕੀਆਂ ਹਨ। ਬਾਬਾ ਨਜਮੀ, ਅਫ਼ਜ਼ਲ ਸਾਹਿਰ, ਬੁਸ਼ਰਾ ਨਾਜ਼, ਤਾਹਿਰਾ ਸਰਾ, ਅਫ਼ਜ਼ਲ ਤੌਸੀਫ਼, ਅਫ਼ਜ਼ਲ ਅਹਿਸਨ ਰੰਧਾਵਾ, ਸਲੀਮ ਖਾਂ ਗਿੰਮੀ, ਮੁਸਤਨਦ ਹੁਸੈਨ ਤਾਰੜ, ਇਰਸ਼ਾਦ ਸੰਧੂ, ਸਾਬਰ ਅਲੀ ਸਾਬਰ, ਸੁਲਤਾਨ ਖਾਰਵੀ, ਤਜੰਮਲ ਕਲੀਮ, ਹਬੀਬ ਜਾਲਿਬ,ਅਰਸ਼ਦ ਮਨਜ਼ੂਰ, ਬੁਸ਼ਰਾ ਐਜਾਜ਼, ਡਾ. ਸੁਗਰਾ ਸੱਦਫ਼ ਵਰਗੇ ਸੈਂਕੜੇ ਲੇਖਕ ਹਨ ਜੋ ਏਧਰ ਬਹੁਤ ਪੜ੍ਹੇ ਜਾ ਰਹੇ ਹਨ। ਇਸ ਸਾਲ ਵਿੱਚ ਹੀ ਤਨਵੀਰ ਬੁਖਾਰੀ ਤੇ ਜ਼ਫ਼ਰ ਇਕਬਾਲ ਜੀ ਦਾ ਚੋਣਵਾਂ ਕਲਾਮ ਗੁਰਮੁਖੀ ਵਿੱਚ ਛਾਪਣ ਦੀ ਕੋਸ਼ਿਸ਼ ਹੈ। 

ਇੱਸ ਮੌਕੇ ਕ ਕ ਬਾਵਾ ਚੇਅਰਮੈਨ, ਮਾਲਵਾ ਸੱਭਿਆਚਾਰ ਮੰਚ, ਡਾ. ਜਗਤਾਰ ਧੀਮਾਨ ਪ੍ਰੋ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਰਣਜੋਧ ਸਿੰਘ, ਪ੍ਰਧਾਨ, ਰਾਮਗੜੀਆ ਵਿੱਦਿਅਕ ਸੰਸਥਾਵਾਂ, ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ,ਪੰਜਾਬੀ ਲੋਕ ਵਿਰਾਸਤ ਅਕਾਡਮੀ, ਰਵਿੰਦਰ ਰੰਗੂਵਾਲ ਪ੍ਰਧਾਨ ਪੰਜਾਬੀ ਕਲਚਰਲ ਸੋਸਾਇਟੀ, ਤੇਜ ਪ੍ਰਤਾਪ ਸਿੰਘ ਸੰਧੂ, ਜਨਰਲ ਸਕੱਤਰ ਸ. ਸ਼ੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ, ਸ. ਗੁਰਪ੍ਰੀਤ ਸਿੰਘ ਤੂਰ ਸਾਬਕਾ ਕਮਿਸ਼ਨਰ ਪੁਲੀਸ, ਬ੍ਰਿਜ ਭੂਸ਼ਨ ਗੋਇਲ, ਕੁਲਵਿੰਦਰ ਸਿੰਘ ਵਾਲੀਆ ਤੇ ਜਨਮੇਜਾ ਸਿੰਘ ਜੌਹਲ ਹਾਜ਼ਰ ਸਨ।