ਤਾਲਾਬੰਦੀ ਤੋਂ ਬਾਅਦ – ਵਿਸ਼ਾਖਾਪਟਨਮ ਦੇ ਗੈਸ ਪਲਾਂਟ ਚ ਲੀਕੇਜ਼ ਨਾਲ 8 ਮੌਤਾਂ , 1000 ਤੋਂ ਵੱਧ ਬੇਹੋਸ਼ – ਹਸਪਤਾਲ ਦਾਖਲ

—–

ਨਿਊਜ਼ ਪੰਜਾਬ

ਵਿਸ਼ਾਖਾਪਟਨਮ, 7 ਮਈ  – ਆਂਧਰਾ ਪ੍ਰਦੇਸ਼ ਦੇ ਇਕ ਰਸਾਇਣਕ ਪਲਾਂਟ ਵਿਚੋਂ ਜ਼ਹਿਰੀਲੀ ਗੈਸ ਲੀਕ ਹੋਣ ਹੁਣ ਤੱਕ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1000 ਲੋਕਾਂ ਨੂੰ ਕਿੰਗ ਜਾਰਜ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਵਿਸ਼ਾਖਾਪਟਨਮ ਦੇ ਆਰ ਆਰ  ਵੈਂਕਟਾਪੁਰਮ ਪਿੰਡ ਵਿਖੇ ਐਲਜੀ ਪੋਲੀਮਰ ਉਦਯੋਗ ਪਲਾਂਟ ਤੋਂ ਤੜਕਸਾਰ ਸਾਢੇ ਤਿੰਨ ਵਜੇ ਇੱਹ ਰਸਾਇਣਕ ਗੈਸ ਲੀਕ ਹੋਈ ਜਦੋ ਲੌਕ-ਡਾਊਨ ਤੋਂ ਬਾਅਦ ਅੱਜ ਫੈਕਟਰੀ ਨੂੰ ਚਾਲੂ ਕੀਤਾ ਜਾ ਰਿਹਾ ਸੀ |
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਲੇ-ਦੁਆਲੇ ਦੇ 5 ਪਿੰਡ ਖਾਲੀ ਕਰਵਾ ਲਏ ਗਏ ਹਨ | ਇਸ ਗੈਸ ਦਾ ਵਧੇਰੇ ਅਸਰ ਡੇਢ ਕਿਲੋਮੀਟਰ ਇਲਾਕੇ ਵਿਚ ਹੈ ਜਦੋ ਕਿ ਢਾਈ – ਤਿੰਨ ਕਿਲੋਮੀਟਰ ਤੱਕ ਗੈਸ ਦੀ ਬਦਬੂ ਆ ਰਹੀ ਹੈ | ਆਂਧਰਾ ਪ੍ਰਦੇਸ਼ ਦੇ ਡੀਜੀਪੀ ਗੌਤਮ ਸਵਾਂਗ ਨੇ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 7 ਮੌਤਾਂ ਗੈਸ ਨਾਲ ਅਤੇ ਇੱਕ ਮੌਤ ਭੱਜਣ ਲਗਿਆ ਖੂਹ ਵਿਚ ਡਿਗਣ ਕਾਰਨ ਹੋਈ ਹੈ | ਗੈਸ ਦੇ ਅਸਰ ਨਾਲ ਲੋਕ ਬੇਹੋਸ਼ ਹੋ ਕੇ ਸੜਕਾਂ ਤੇ ਡਿਗਦੇ ਵੇਖੇ ਗਏ |ਅਧਿਕਾਰੀਆਂ ਅਨੁਸਾਰ ਹਲਾਤ ਹੁਣ ਕੰਟਰੋਲ ਵਿਚ ਹਨ |

 ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰਭਾਵਿਤ ਵਿਅਕਤੀਆਂ ਦਾ ਹਾਲ ਪੁੱਛਣ ਲਈ ਹਸਪਤਾਲ ਪੁੱਜੇ ਹਨ |ਦੇਸ਼ ਦੇ ਰਾਸ਼ਟਰਪਤੀ , ਪ੍ਰਧਾਨ ਮੰਤਰੀ ,ਗ੍ਰਹਿ ਮੰਤਰੀ ਅਤੇ ਹੋਰ ਆਗੂਆਂ ਨੇ ਘਟਨਾ ਤੇ ਦੁੱਖ ਪ੍ਰਗਟਾਇਆ ਹੈ |