ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਮਾਘੀ ਜੋੜ ਮੇਲਾ, ਜਾਣੋਂ…. ਸ੍ਰੀ ਮੁਕਤਸਰ ਸਾਹਿਬ ਜੀ ਦਾ ਇਤਿਹਾਸ ਜਿੱਥੇ ਗੁਰੂ ਸਾਹਿਬ ਜੀ ਨੇ ਸਿੰਘਾਂ ਦੀ ਟੁੱਟੀ ਗੰਢੀ
ਸ੍ਰੀ ਮੁਕਤਸਰ ਸਾਹਿਬ ,14 ਜਨਵਰੀ 2025
ਮੁਕਤਸਰ ਵਿੱਚ ਮਾਘੀ ਜੋੜ ਮੇਲਾ ਚਾਲੀ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੂੰ ਚਾਲੀ ਮੁਕਤੇ ਵੀ ਕਿਹਾ ਜਾਂਦਾ ਹੈ। ਚਾਲੀ ਮੁਕਤੇ ਜਿਹਨਾਂ ਨੇ ਖਿਦਰਾਣੇ ਦੀ ਢਾਬ (ਮੁਕਤਸਰ) ਵਿਖੇ ਯੁੱਧ ਕੀਤਾ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਿਆ ਦਾ ਵਰ ਦਿਤਾ। ਇਸ ਕਾਰਨ ਹੀ ਇਸ ਸਥਾਨ ਦਾ ਨਾਮ ਮੁਕਤਸਰ ਹੈ। ਅੱਜ ਕੱਲ ਇਸ ਸ਼ਹਿਰ ਦਾ ਨਾਮ ਸ਼੍ਰੀ ਮੁਕਤਸਰ ਸਾਹਿਬ ਹੈ।
ਅਪਰੈਲ 1704 ’ਚ ਮੁਗਲ ਫ਼ੌਜ ਵੱਲੋਂ ਆਨੰਦਪੁਰ ਸਾਹਿਬ ਦਾ ਘੇਰਾ ਪੂਰੇ ਅੱਠ ਮਹੀਨੇ ਲਗਾਤਾਰ ਜਾਰੀ ਰਹਿਣ ਕਰ ਕੇ ਸਿੱਖ ਫ਼ੌਜ ਲਈ ਰਾਸ਼ਨ-ਪਾਣੀ ਅਤੇ ਘੋੜਿਆਂ ਆਦਿ ਲਈ ਪੱਠੇ-ਲੀਰੇ ਦੀ ਤੋਟ ਆਉਣਾ ਕੁਦਰਤੀ ਗੱਲ ਸੀ। ਅਜਿਹੀ ਸੰਕਟ ਦੀ ਘੜੀ ਵੇਖ ਕੇ ਸਿੰਘਾਂ ਨੇ ਮਾਤਾ ਜੀ ਨੂੰ ਬੇਨਤੀ ਕਰ ਕੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਮਨਾ ਲਿਆ। ਚਮਕੌਰ ਸਾਹਿਬ ਚੌਧਰੀ ਬੁਧੀ ਚੰਦ ਦੀ ਕਿਲ੍ਹਾਨੁਮਾ ਹਵੇਲੀ ਛੱਡਦਿਆਂ ਰਣਸਿੰਗਾ ਨਾਦ ਵਜਾ ਕੇ ਗੁਰੂ ਸਾਹਿਬ ਉੱਚੇ ਟਿੱਬੇ ’ਤੇ ਚੜ੍ਹ, ਤਾੜੀ ਮਾਰ ਕੇ ‘ਪੀਰ-ਏ-ਹਿੰਦ’ ਦਾ ਜੈਕਾਰਾ ਗੂੰਜਾ ਮਾਛੀਵਾੜੇ ਵੱਲ ਰਵਾਨਾ ਹੋ ਗਏ।
ਖਿਦਰਾਣੇ ਦੀ ਢਾਬ
ਜਦ ਗੁਰੂ ਸਾਹਿਬ ਨੂੰ ਇੱਥੇ ਕਸੂਰੀ ਦੇ ਨਵਾਬ ਖ਼ਾਨ ਅਤੇ ਸਰਹਿੰਦ ਦੇ ਵਜ਼ੀਰ ਖ਼ਾਨ ਦੀਆਂ ਫ਼ੌਜਾਂ ਵੱਲੋਂ ਪਿੱਛਾ ਕਰਨ ਦੀ ਸੂਹ ਮਿਲੀ ਤਾਂ ਉਨ੍ਹਾਂ ਦੀਨੇ ਤੋਂ ਕਾਂਗੜ, ਜੈਤੋ, ਗੁਰੂ ਕੀ ਢਾਬ, ਕੋਟਕਪੂਰਾ ਹੁੰਦੇ ਹੋਏ ਖਿਦਰਾਣੇ ਦੀ ਢਾਬ ਮੱਲਕੇ ਇੱਕ ਉੱਚੇ ਟਿੱਬੇ ’ਤੇ ਟਿਕਾਣਾ ਕੀਤਾ ਜਿੱਥੋਂ ਦੂਰ-ਦੂਰ ਤਕ ਦੁਸ਼ਮਣ ’ਤੇ ਨਿਗ੍ਹਾ ਰੱਖੀ ਜਾ ਸਕਦੀ ਸੀ। ਇੱਥੇ ਦੋਵਾਂ ਪਾਸਿਆਂ ਤੋਂ ਬਹੁਤ ਸਖ਼ਤ ਮੁਕਾਬਲਾ ਅਤੇ ਮਾਰੋ-ਮਾਰ ਹੋਈ। ਗੁਰੂ ਜੀ ਦੀ ਫ਼ੌਜ ਵਿੱਚ ਮਾਈ ਭਾਗੋ ਦੀ ਅਗਵਾਈ ਵਿੱਚ ਉਹ ‘ਚਾਲੀ ਬੇਦਾਵੀਏ’ ਸਿੰਘ ਵੀ ਆਣ ਸ਼ਾਮਲ ਹੋਏ ਜੋ ਆਨੰਦਪੁਰ ਸਾਹਿਬ ਦੇ ਔਖੇ ਦਿਨਾਂ ਦੀ ਭੁੱਖ ਤੇਹ ਨਾ ਸਹਾਰਦੇ ਹੋਏ ਚਮਕੌਰ ਸਾਹਿਬ ਦੀ ਲੜਾਈ ਵਿੱਚ ਪਾਸਾ ਵੱਟ ਕੇ ਘਰਾਂ ਨੂੰ ਚਲੇ ਗਏ ਸਨ। ਨਮੋਸ਼ੀ ਦਾ ਸ਼ਿਕਾਰ ਹੋਏ ਇਹ 40 ਸਿੰਘ, ਗੁਰੂ ਸਾਹਿਬ ਦੇ ਦਿਲ ਅੰਦਰ ਪਹਿਲਾਂ ਵਾਲਾ ਮਾਣ-ਸਤਿਕਾਰ ਹਾਸਲ ਕਰਨ ਲਈ ਐਨੀ ਸ਼ਿੱਦਤ ਨਾਲ ਲੜੇ ਕਿ ਦੁਸ਼ਮਣ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇੰਨਾ ਜੋਸ਼ ਦੁਸ਼ਮਣ ਨੇ ਪਹਿਲੀਆਂ ਲੜਾਈਆਂ ਵਿੱਚ ਇੰਨੀ ਘੱਟ ਗਿਣਤੀ ਖ਼ਾਲਸੇ ਅੰਦਰ ਕਦੀ ਨਹੀਂ ਸੀ ਵੇਖਿਆ। ਨਤੀਜੇ ਵਜੋਂ ਮੁਗ਼ਲ ਫ਼ੌਜ ਸਿਰ ’ਤੇ ਪੈਰ ਰੱਖ ਕੇ ਨੱਠ ਤੁਰੀ। ਦੋਹੀਂ ਪਾਸੀਂ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ।
ਟੁੱਟੀ ਗੰਢੀ
ਸ਼ਹੀਦ ਹੋਣ ਵਾਲੇ ਸਿੰਘਾਂ ਵਿੱਚ ਬੇਦਾਵਾ ਦੇਣ ਵਾਲੇ 40 ਸਿੰਘ ਵੀ ਸ਼ਾਮਲ ਸਨ। ਇਹ ਲਾਸਾਨੀ ਜਿੱਤ ਵੇਖ ਕੇ ਗੁਰੂ ਜੀ ਖ਼ੁਦ ਮੈਦਾਨ-ਏ-ਜੰਗ ਵਿੱਚ ਸਿੰਘਾਂ ਨੂੰ ਪਛਾਣਨ ਲਈ ਤੁਰ ਪਏ। ਪੰਜ-ਹਜ਼ਾਰੀ, ਦਸ-ਹਜ਼ਾਰੀ ਵਰਗੇ ਅਨੇਕਾਂ ਵੱਕਾਰੀ ਸਨਮਾਨਾਂ ਨਾਲ ਨਿਵਾਜਦੇ ਹੋਏ ਗੁਰੂ ਜੀ, ਭਾਈ ਮਹਾਂ ਸਿੰਘ ਕੋਲ ਪੁੱਜੇ, ਜਿੱਥੇ ਉਹ ਜਿਵੇਂ ਗੁਰੂ ਜੀ ਦਾ ਹੀ ਇੰਤਜ਼ਾਰ ਕਰਦਾ ਸਹਿਕ ਰਿਹਾ ਹੋਵੇ। ਭਾਈ ਮਹਾਂ ਸਿੰਘ ਨੇ ਹੱਥ ਜੋੜ ਕੇ ਗੁਰੂ ਤੋਂ ਬੇਦਾਵੇ ਵਾਲੀ ਗਲਤੀ ਦੀ ਭੁੱਲ ਨੂੰ ਬਖਸ਼ਾਉਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਆਪਣੇ ਪਿਆਰੇ ਸਿੰਘ ਦਾ ਸਿਰ ਗੋਡੇ ’ਤੇ ਰੱਖ ਕੇ ਮੂੰਹ ਮੱਥਾ ਸਾਫ਼ ਕਰਦਿਆਂ ਅਨੇਕਾਂ ਬਖਸ਼ਿਸ਼ਾਂ ਬਖਸ਼ ਕੇ ਕਿਹਾ, ‘‘ਭਾਈ ਮਹਾਂ ਸਿੰਘ ਤੇਰੀ ਬਹਾਦਰੀ ਤੇ ਸੇਵਾ ਤੋਂ ਮੈਂ ਕਾਇਲ ਹਾਂ, ਇਹ ਧਰਤੀ ਤੁਹਾਡੀ ਮੁਕਤੀ ਲਈ ਹਮੇਸ਼ਾ ਕਰਜ਼ਦਾਰ ਰਹੇਗੀ। ਜ਼ਖ਼ਮੀ ਹੋਈ ਮਾਈ ਭਾਗੋ ਵੀ ਗੁਰੂ ਸਾਹਿਬ ਵੱਲੋਂ ਰਹਿਮਤ ਦੀ ਨਜ਼ਰ ਪਾ ਕੇ ਧੰਨ ਹੋ ਗਈ ਜੋ ਪਿੱਛੋਂ ਕਾਫ਼ੀ ਸਾਲ ਜਿਉਂਦੀ ਰਹੀ। ਭਾਈ ਮਹਾਂ ਸਿੰਘ ਦੀ ਬੇਨਤੀ ਅਤੇ ਉਸ ਦੀ ਬਹਾਦਰੀ ਸਦਕਾ ਗੁਰੂ ਸਾਹਿਬ ਨੇ ਉੱਠ ਕੇ ਡੱਬ ਵਿੱਚ ਸੰਭਾਲੀ ਬੇਦਾਵੇ ਵਾਲੀ ਚਿੱਠੀ ਪਾੜ ਦਿੱਤੀ ਅਤੇ ਇਉਂ ਟੁੱਟੀ ਗੰਢ ਕੇ ਆਪਣੇ ਸਿੱਖਾਂ ਦੀ ਸੇਵਕੀ ਨੂੰ ਸਦਾ ਲਈ ਨਿਵਾਜਿਆ। ਦਸਮੇਸ਼ ਪਿਤਾ ਦੀ ਅਸੀਸ ਅਤੇ ਬਖਸ਼ਿਸ਼ ਹਾਸਲ ਕਰਨ ਵਾਲੇ ਚਾਲ਼ੀ ਮੁਕਤੇ ਹਨ
ਚਾਲ਼ੀ ਮੁਕਤੇ
01. ਭਾਈ ਭਾਗ ਸਿੰਘ ਰੁਭਾਲੀਆ
02. ਭਾਈ ਮਹਾਂ ਸਿੰਘ ਖੈਰ ਪੁਰੀਆ
03. ਭਾਈ ਦਿਲਬਾਗ ਸਿੰਘ
04. ਭਾਈ ਕੰਧਾਰਾ ਸਿੰਘ
05. ਭਾਈ ਦਰਬਾਰਾ ਸਿੰਘ
06. ਭਾਈ ਗੰਢਾ ਸਿੰਘ/ਗੰਗਾ ਸਿੰਘ
07. ਭਾਈ ਰਾਇ ਸਿੰਘ
08. ਭਾਈ ਸੀਤਲ ਸਿੰਘ
09. ਭਾਈ ਸੁੰਦਰ ਸਿੰਘ ਝਲੀਆ
10. ਭਾਈ ਕ੍ਰਿਪਾਲ ਸਿੰਘ
11. ਭਾਈ ਦਿਆਲ ਸਿੰਘ
12. ਭਾਈ ਨਿਹਾਲ ਸਿੰਘ
13. ਭਾਈ ਕੁਸ਼ਾਲ ਸਿੰਘ
14. ਭਾਈ ਸੁਹੇਲ ਸਿੰਘ
15. ਭਾਈ ਚੰਭਾ ਸਿੰਘ
16. ਭਾਈ ਸ਼ਮੀਰ ਸਿੰਘ
17. ਭਾਈ ਸਰਜਾ ਸਿੰਘ
18. ਭਾਈ ਹਰਜਾ ਸਿੰਘ
19. ਭਾਈ ਬੂੜ ਸਿੰਘ
20. ਭਾਈ ਸੁਲਤਾਨ ਸਿੰਘ ਪਰੀ
21. ਭਾਈ ਨਿਧਾਨ ਸਿੰਘ
22. ਭਾਈ ਸੋਭਾ ਸਿੰਘ
23. ਭਾਈ ਹਰੀ ਸਿੰਘ
24. ਭਾਈ ਕਰਮ ਸਿੰਘ
25. ਭਾਈ ਧਰਮ ਸਿੰਘ
26. ਭਾਈ ਕਾਲਾ ਸਿੰਘ
27. ਭਾਈ ਸੰਤ ਸਿੰਘ
28. ਭਾਈ ਕੀਰਤ ਸਿੰਘ
29. ਭਾਈ ਗੁਲਾਬ ਸਿੰਘ
30. ਭਾਈ ਜਾਦੇ ਸਿੰਘ
31. ਭਾਈ ਜੋਗਾ ਸਿੰਘ
32. ਭਾਈ ਤੇਗਾ ਸਿੰਘ
33. ਭਾਈ ਧੰਨਾ ਸਿੰਘ
34. ਭਾਈ ਭੋਲਾ ਸਿੰਘ
35. ਭਾਈ ਮੱਲਾ ਸਿੰਘ
36. ਭਾਈ ਮਾਨ ਸਿੰਘ
37. ਭਾਈ ਲਛਮਣ ਸਿੰਘ
38. ਭਾਈ ਸਾਧੂ ਸਿੰਘ
39. ਭਾਈ ਮੱਸਾ ਸਿੰਘ
40. ਭਾਈ ਜੋਗਾ ਸਿੰਘ।