ਲੁਧਿਆਣਾ ‘ਚ ਨਜਾਇਜ਼ ਹਥਿਆਰਾਂ ਸਮੇਤ 2 ਬਦਮਾਸ਼ ਕਾਬੂ, 3 ਪਿਸਤੌਲ, 6 ਕਾਰਤੂਸ ਤੇ ਇੱਕ ਕਾਰ ਬਰਾਮਦ
ਪੰਜਾਬ ਨਿਊਜ਼,7 ਦਿਸੰਬਰ 2024
ਪੰਜਾਬ ਦੇ ਲੁਧਿਆਣਾ ਵਿੱਚ ਪੁਲਿਸ ਨੇ 2 ਬਦਮਾਸ਼ਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ, ਫਿਲਹਾਲ ਇਨ੍ਹਾਂ ਦੇ ਤਿੰਨ ਸਾਥੀ ਅਜੇ ਤੱਕ ਫੜੇ ਨਹੀਂ ਗਏ ਹਨ। ਪੁਲਿਸ ਨੇ ਬਦਮਾਸ਼ਾਂ ਕੋਲੋਂ 3 ਨਜਾਇਜ਼ ਪਿਸਤੌਲ, 6 ਜਿੰਦਾ ਕਾਰਤੂਸ ਅਤੇ ਇੱਕ ਥਾਰ ਕਾਰ ਬਰਾਮਦ ਕੀਤੀ ਹੈ। ਬਦਮਾਸ਼ਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਜਾਣਕਾਰੀ ਦਿੰਦਿਆਂ ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮੁਲਜ਼ਮ ਜਸ਼ਨਦੀਪ ਸਿੰਘ ਜਸ਼ਨ ਨੇ ਪੁਲੀਸ ਨੂੰ ਦੱਸਿਆ ਕਿ ਉਹ ਅਕਤੂਬਰ 2024 ਵਿੱਚ ਹੋਣ ਵਾਲੀਆਂ ਸਰਪੰਚ ਚੋਣਾਂ ਵਿੱਚ ਸਰਪੰਚ ਲਈ ਨਾਮਜ਼ਦਗੀ ਪੱਤਰ ਭਰਨ ਲਈ ਰਿਸ਼ੀ ਨਗਰ ਸਥਿਤ ਪੋਲੀਟੈਕਨਿਕ ਕਾਲਜ ਗਿਆ ਸੀ। ਜਿੱਥੇ ਉਸ ਦੀ ਵਿਰੋਧੀ ਧੜੇ ਨਾਲ ਝੜਪ ਹੋ ਗਈ।ਇਸ ਦੌਰਾਨ ਪੀਏਯੂ ਥਾਣੇ ਦੀ ਪੁਲੀਸ ਨੇ 6 ਅਕਤੂਬਰ 2024 ਨੂੰ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਇਸ ਮਾਮਲੇ ਨੂੰ ਲੈ ਕੇ ਜਸ਼ਨਦੀਪ ਸਿੰਘ ਉਰਫ਼ ਜਸ਼ਨ ਨੇ ਮੌਜੂਦਾ ਸਰਪੰਚ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਆਪਣੇ ਸਾਥੀਆਂ ਗਗਨਦੀਪ ਸਿੰਘ ਉਰਫ ਗਗਨ, ਅਕਾਸ਼ਦੀਪ ਸਿੰਘ ਉਰਫ ਪੰਨੂੰ, ਗਗਨਦੀਪ ਸਿੰਘ ਉਰਫ ਗੱਗੂ ਉਰਫ ਗਿਆਨੀ ਅਤੇ ਕੇਤਨ ਨਾਲ ਮਿਲ ਕੇ ਸਰਪੰਚ ਦੇ ਕਤਲ ਦੀ ਯੋਜਨਾ ਬਣਾਈ ਸੀ।ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਕਾਸ਼ ਦੀਪ, ਗਗਨਦੀਪ ਅਤੇ ਕੇਤਨ ਹਰਿਆਣਾ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਜਸ਼ਨਦੀਪ ਸਿੰਘ, ਗਗਨਦੀਪ ਉਰਫ਼ ਗਗਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਬਾਕੀ ਸਾਥੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।