ਵਿਜੀਲੈਂਸ ਨੇ DC ਤਰਨਤਾਰਨ ਦਾ PA ਅਤੇ ਇੱਕ ਕਰਮਚਾਰੀ ਸਾਥੀ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ
ਪੰਜਾਬ ਨਿਊਜ਼,7 ਨਵੰਬਰ 2024
ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਵਿੱਚ ਵਿਜੀਲੈਂਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਜਿੱਥੇ ਤਰਨ ਤਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਪੀਏ ਸਮੇਤ ਦਫ਼ਤਰ ਦੇ ਮੁਲਾਜ਼ਮ ਨੂੰ 20000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ ਵੱਲੋਂ ਕਾਬੂ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਸੰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਨਿਵਾਸੀ ਤਰਨਤਾਰਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਬੂਥਾਂ ਅਤੇ ਗਿਣਤੀ ਕੇਂਦਰਾਂ ਉੱਪਰ ਸੁਰੱਖਿਆ ਸਬੰਧੀ ਵੱਡੀ ਗਿਣਤੀ ਵਿੱਚ ਕੈਮਰਿਆਂ ਦਾ ਠੇਕਾ ਲਿਆ ਗਿਆ ਸੀ, ਜਿਸ ਦੇ ਚਲਦਿਆਂ ਉਸ ਦੀ ਬਣਦੀ ਸਰਕਾਰੀ ਰਕਮ ਦੇ ਬਿੱਲ ਡਿਪਟੀ ਕਮਿਸ਼ਨਰ ਪਾਸੋਂ ਪਾਸ ਕਰਵਾਉਣ ਸਬੰਧੀ ਪੀਏ 40 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਸੰਦੀਪ ਸਿੰਘ ਵੱਲੋਂ 20 ਹਜ਼ਾਰ ਦੀ ਰਾਸ਼ੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਜਦਕਿ ਅੱਜ ਬੁੱਧਵਾਰ ਨੂੰ 20 ਹਜ਼ਾਰ ਰੁਪਏ ਦੀ ਨਕਦੀ ਦੇਣ ਸਮੇਂ ਵਿਜੀਲੈਂਸ ਦੀ ਟੀਮ ਵੱਲੋਂ ਟਰੈਪ ਲਗਾਉਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਵਿਜੀਲੈਂਸ ਟੀਮ ਵੱਲੋਂ ਦੋਵਾਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।