ਅੰਮ੍ਰਿਤਸਰ ਤੋਂ ਹਾਵੜਾ ਜਾ ਰਹੀ ਰੇਲ ਵਿੱਚ ਹੋਇਆ ਧਮਾਕਾ, ਛੱਟ ਪੂਜਾ ਲਈ ਯੂਪੀ ਬਿਹਾਰ ਜਾ ਰਹੇ ਯਾਤਰੀ ਹੋਏ ਜ਼ਖਮੀ
ਪੰਜਾਬ ਨਿਊਜ਼,3 ਨਵੰਬਰ 2024
ਸਰਹਿੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਸ਼ਨੀਵਾਰ ਰਾਤ ਅੰਮ੍ਰਿਤਸਰ ਤੋਂ ਹਾਵੜਾ ਜਾਂਦੀ ਟਰੇਨ ਵਿੱਚ ਬਲਾਸਟ ਹੋਇਆ। ਇਸ ਬਲਾਸਟ ਨਾਲ ਤਿੰਨ ਵਿਅਕਤੀ ਤੇ ਇੱਕ ਔਰਤ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ ।
ਜਾਣਕਾਰੀ ਦਿੰਦੇ ਹੋਏ ਜੀਆਰਪੀ ਦੇ ਡੀਐਸਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਮੁੱਢਲੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਟਰੇਨ ਵਿਚ ਇਕ ਬਾਲਟੀ ਪਈ ਸੀ ਜਿਸ ਵਿੱਚ ਪਟਾਖੇ ਸਨ ਤੇ ਇਕਦਮ ਉਸ ਦੇ ਵਿੱਚ ਧਮਾਕਾ ਹੋ ਗਿਆm ਬਾਲਟੀ ਵਿੱਚ ਸਟੋਰ ਕੀਤੇ ਪਟਾਕਿਆ ਕਾਰਨ ਹੋਏ ਧਮਾਕੇ ਕਾਰਨ ਦਹਿਸ਼ਤ ਫੈਲ ਗਈ ਕਿਉਂਕਿ ਲਗਭਗ 20 ਯਾਤਰੀਆਂ ਨੇ ਸੰਭਾਵੀ ਖਤਰੇ ਤੋਂ ਬਚਣ ਲਈ ਚਲਦੀ ਰੇਲ ਗੱਡੀ ਤੋਂ ਛਾਲ ਮਾਰ ਦਿੱਤੀ, ਜਿਸ ਦੇ ਨਤੀਜੇ ਵਜੋਂ 4 ਜਖਮੀ ਹੋ ਗਏ।
ਜਖਮੀ ਯਾਤਰੀਆਂ ਦੀ ਪਹਿਚਾਣ ਬਿਹਾਰ ਦੇ ਭੋਜਪੁਰ ਦੇ ਰਹਿਣ ਵਾਲੇ ਅਜੇ ਕੁਮਾਰ ਅਤੇ ਉਸਦੀ ਪਤਨੀ ਸੰਗੀਤਾ ਕੁਮਾਰੀ ,ਉੱਤਰ ਪ੍ਰਦੇਸ਼ ਦੇ ਆਸ਼ੂਤੋਸ਼ ਪਾਲ ਅਤੇ ਬਿਹਾਰ ਦੇ ਨਵਾਧਾ ਦੇ ਰਹਿਣ ਵਾਲੇ ਸੋਨੂ ਕੁਮਾਰ ਵਜੋਂ ਹੋਈ ਹੈ। ਜਿਨਾਂ ਨੂੰ ਤੁਰੰਤ ਇਲਾਜ ਲਈ ਫਤਿਹਗੜ ਸਾਹਿਬ ਦੇ ਸਿਵਲ ਹਸਪਤਾਲ ਲਿਜਾਇਆ ਗਿਆ।