ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸੀ-ਵਿਦੇਸ਼ੀ 50 ਤਰ੍ਹਾਂ ਦੇ ਫੁੱਲਾਂ ਨਾਲ ਹੋਵੇਗੀ ਸਜਾਵਟ, ਵਿਦੇਸ਼ਾਂ ਤੋਂ ਮੰਗਵਾਈ 20 ਟਨ ਫੁੱਲ
ਪੰਜਾਬ ਨਿਊਜ਼,18 ਅਕਤੂਬਰ 2024
ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ। ਜਿਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ। ਇਸ ਫੁੱਲਾਂ ਦੀ ਸਜਾਵਟ ਵਿੱਚ ਦੇਸੀ-ਵਿਦੇਸ਼ੀ ਫੁੱਲਾਂ ਦੇ ਪੰਜ ਵੱਡੇ ਟਰੱਕ ਸਜਾਵਟ ਲਈ ਵਰਤੇ ਜਾ ਰਹੇ ਹਨ। ਮੁੰਬਈ, ਕੋਲਕਾਤਾ ਦਿੱਲੀ ਅਤੇ ਉਤਰ ਪ੍ਰਦੇਸ਼ ਆਦਿ ਤੋਂ ਵਿਸ਼ੇਸ਼ ਤੌਰ ਤੇ 100 ਤੋਂ ਵੱਧ ਕਾਰੀਗਰ ਪਹੁੰਚੇ ਹਨ ।
ਸ੍ਰੀ ਹਰਿਮੰਦਰ ਸਾਹਿਬ ਦਾ ਕੋਨਾ-ਕੋਨਾ ਫੁੱਲਾਂ ਨਾਲ ਸਜਾਇਆ ਜਾਵੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਵਟ ਲਈ ਵੱਖ-ਵੱਖ ਦੇਸ਼ ਦੇ ਕੋਨੇ ਅਤੇ ਵਿਦੇਸ਼ਾਂ ਵਿੱਚੋਂ ਵੀ ਇਹ ਫੁੱਲ ਮੰਗਾਏ ਗਏ ਹਨ। ਜਿੱਥੇ ਵਿਸ਼ੇਸ਼ ਫੁੱਲ ਮਲੇਸ਼ੀਆ, ਥਾਈਲੈਂਡ, ਸਿੰਗਾਪੁਰ, ਬੈਂਕਾਕ, ਹਾਲੈਂਡ, ਨਿਊਜ਼ੀਲੈਂਡ, ਕੀਨੀਆ, ਸਾਊਥ ਅਫ਼ਰੀਕਾ ਆਦਿ ਤੋਂ ਮੰਗਵਾਏ ਗਏ ਹਨ, ਉੱਥੇ ਹੀ ਭਾਰਤ ‘ਚੋਂ ਕੋਲਕਾਤਾ, ਕੇਰਲਾ, ਪੂਨਾ, ਦਿੱਲੀ, ਮੁੰਬਈ, ਉੱਤਰ ਪ੍ਰਦੇਸ਼, ਹਿਮਾਚਲ ਆਦਿ ਸ਼ਹਿਰਾਂ ਵਿੱਚੋਂ ਇਹ ਫੁੱਲ ਮੰਗਵਾਏ ਗਏ ਹਨ। ਸਜਾਵਟ ਵਿੱਚ ਜਿੱਥੇ ਗੋਲੇ, ਝੂਮਰ, ਲੜੀਆਂ, ਖੰਡਾ, ਏਕਓਂਕਾਰ, ਝਾਲਰ, ਹਾਰ ਆਦਿ ਫੁੱਲਾਂ ਨਾਲ ਤਿਆਰ ਕੀਤੇ ਜਾਣਗੇ ਉੱਥੇ ਖੰਡਾ ਅਤੇ ਓਕਓਂਕਾਰ ਵੀ ਵਿਸ਼ੇਸ਼ ਰੂਪ ਵਿੱਚ ਆਕ੍ਰਿਤੀ ਤਿਆਰ ਕੀਤੀ ਜਾ ਰਹੀ ਹੈ।
ਦੇਸ਼-ਵਿਦੇਸ਼ਾਂ ਤੋਂ 50 ਤਰ੍ਹਾਂ ਦੇ ਫੁੱਲ ਮੰਗਵਾਏ ਗਏ ਹਨ
ਫੁੱਲਾਂ ਵਿੱਚ ਦੇਸ਼-ਵਿਦੇਸ਼ਾਂ ਤੋਂ 50 ਤਰ੍ਹਾਂ ਦੇ ਫੁੱਲ ਮੰਗਵਾਏ ਗਏ ਹਨ, ਸਭ ਤੋਂ ਵੱਧ ਤਾਦਾਰ ਫੁੱਲਾਂ ਵਿੱਚ ਗੇਂਦਾ ਦੀ ਹੈ, ਜਿਸ ਨੂੰ ਲੜੀਆਂ ਆਦਿ ਵਿਚ ਵਰਤਿਆ ਜਾਵੇਗਾ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਪਰਿਕਰਮਾ ਵਿਚ ਸਥਿਤ ਗੁਰਦੁਆਰਾ ਲਾਚੀ ਬੇਰ ਸਾਹਿਬ, ਗੁਰਦੁਆਰਾ ਝੰਡਾ ਬੁੰਗਾ ਸਾਹਿਬ, ਗੁਰਦੁਆਰਾ ਦੁੱਖ ਭੰਜਨੀ ਬੇਰ ਸਾਹਿਬ, ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ, ਥੜ੍ਹਾ ਸਾਹਿਬ, ਸ਼ਹੀਦੀ ਯਾਦਗਾਰ, ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਜੀ ਸ਼ਹੀਦ, ਗੁਰਦੁਆਰਾ ਰਾਮਸਰ ਸਾਹਿਬ ਆਦਿ ਵਿਖੇ ਸਜਾਵਟ ਕੀਤੀ ਜਾਵੇਗੀ।