ਸ਼ਿਵਾਜੀ ਦੀ ਮੂਰਤੀ ਢਾਹੁਣ ਦੇ ਮਾਮਲੇ ‘ਚ ਮੂਰਤੀਕਾਰ ਜੈਦੀਪ ਆਪਟੇ ਗ੍ਰਿਫਤਾਰ, 10 ਦਿਨਾਂ ਤੋਂ ਸੀ ਫਰਾਰ
5 ਸਤੰਬਰ 2024
ਮਹਾਰਾਸ਼ਟਰ ਦੇ ਰਾਜਕੋਟ ਕਿਲੇ ‘ਚ ਪਿਛਲੇ ਮਹੀਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦੇ ਢਹਿ ਜਾਣ ਨੂੰ ਲੈ ਕੇ ਚੱਲ ਰਿਹਾ ਹੰਗਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਮੂਰਤੀਕਾਰ-ਠੇਕੇਦਾਰ ਜੈਦੀਪ ਆਪਟੇ ਅਤੇ ਢਾਂਚਾ ਸਲਾਹਕਾਰ ਚੇਤਨ ਪਾਟਿਲ ਦੇ ਖਿਲਾਫ ਲਾਪਰਵਾਹੀ ਅਤੇ ਹੋਰ ਅਪਰਾਧਾਂ ਲਈ ਮਾਮਲਾ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਚੇਤਨ ਪਾਟਿਲ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਹੁਣ ਪੁਲਿਸ ਨੇ 10 ਦਿਨਾਂ ਤੋਂ ਫਰਾਰ ਮੂਰਤੀਕਾਰ-ਠੇਕੇਦਾਰ ਜੈਦੀਪ ਆਪਟੇ ਨੂੰ ਬੁੱਧਵਾਰ ਰਾਤ ਨੂੰ ਠਾਣੇ ਜ਼ਿਲੇ ਦੇ ਕਲਿਆਣ ਤੋਂ ਗ੍ਰਿਫਤਾਰ ਕੀਤਾ ਗਿਆ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।ਆਪਟੇ ਦੁਆਰਾ ਬਣਾਈ ਗਈ ਮੂਰਤੀ 26 ਅਗਸਤ ਨੂੰ ਇਸ ਦੇ ਉਦਘਾਟਨ ਦੇ ਨੌਂ ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਢਹਿ ਗਈ ਸੀ, ਜਿਸ ਤੋਂ ਬਾਅਦ ਸਿੰਧੂਦੁਰਗ ਪੁਲਿਸ ਇਸ ਦੀ ਭਾਲ ਕਰ ਰਹੀ ਸੀ। ਪੁਲੀਸ ਨੇ ਉਸ ਦੀ ਭਾਲ ਲਈ ਸੱਤ ਟੀਮਾਂ ਬਣਾਈਆਂ ਸਨ।ਮਾਲਵਨ ਪੁਲਿਸ ਨੇ ਸ਼ਿਵਾਜੀ ਦੀ ਮੂਰਤੀ ਢਹਿ ਜਾਣ ਤੋਂ ਬਾਅਦ ਆਪਟੇ ਅਤੇ ਢਾਂਚਾ ਸਲਾਹਕਾਰ ਚੇਤਨ ਪਾਟਿਲ ਦੇ ਖਿਲਾਫ ਲਾਪਰਵਾਹੀ ਅਤੇ ਹੋਰ ਅਪਰਾਧਾਂ ਲਈ ਮਾਮਲਾ ਦਰਜ ਕੀਤਾ ਸੀ। ਪਾਟਿਲ ਨੂੰ ਪਿਛਲੇ ਹਫਤੇ ਕੋਲਹਾਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।