ਲੁਧਿਆਣਾ ‘ਚ ਬੇਕਰੀ ਮਾਲਕ ਨੂੰ ਗੋਲੀ ਮਾਰਨ ਦੇ ਮਾਮਲੇ ਵਿਚ ਦੋ ਨੌਜਵਾਨ ਪੁਲਿਸ ਨੇ ਕੀਤੇ ਕਾਬੂ
ਲੁਧਿਆਣਾ, 29 ਅਗਸਤ 2024
ਲੁਧਿਆਣਾ ਵਿੱਚ ਰਾਜਗੁਰੂ ਨਗਰ ਸਥਿਤ ਬੇਕਰੀ ਮਾਲਕ ਨਵੀਨ ਗਗਵਾਨੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਮੋਗਾ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਸੰਖੇਪ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਦੋਵਾਂ ਨੌਜਵਾਨਾਂ ਦੀ ਸ਼ਨਾਖਤ ਜਗਮੀਤ ਸਿੰਘ ਅਤੇ ਵਿਕਾਸ ਕੁਮਾਰ ਵਜੋਂ ਕੀਤੀ ਗਈ ਹੈ। ਇਹ ਦੋਵੇਂ ਮੋਗਾ ਦੇ ਰਹਿਣ ਵਾਲੇ ਹਨ। ਇਨ੍ਹਾਂ ਕਥਿਤ ਦੋਸ਼ੀਆਂ ਨੂੰ ਪੁਲਿਸ ਵਲੋਂ ਦੇਰ ਰਾਤ ਦਿੱਲੀ ਕਲੋਨੀ ਮੋਗਾ ਨੇੜਿਓਂ ਕਾਬੂ ਕੀਤਾ ਗਿਆ, ਜਦੋਂ ਪੁਲਿਸ ਨੇ ਇਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਨ੍ਹਾਂ ਨੇ ਐਕਟਿਵਾ ਭਜਾ ਲਈ। ਪੁਲਿਸ ਵਲੋਂ ਇਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਪਰ ਇਨ੍ਹਾਂ ਨੇ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿਚ ਪੁਲਿਸ ਵਲੋਂ ਚਲਾਈ ਗਈ ਗੋਲੀ ਵਿਚ ਜਗਮੀਤ ਜ਼ਖ਼ਮੀ ਹੋ ਗਿਆ। ਬਾਅਦ ਵਿਚ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਇਸ ਸੰਬੰਧੀ ਮੋਗਾ ਪੁਲਿਸ ਵਲੋਂ ਕੁਝ ਦੇਰ ਬਾਅਦ ਹੀ ਪ੍ਰੈਸ ਕਾਨਫ਼ਰੰਸ ਰਾਹੀਂ ਇਸ ਦਾ ਖੁਲਾਸਾ ਕੀਤਾ ਜਾਵੇਗਾ।