ਦਿੱਲੀ-NCR ‘ਚ ਭਾਰੀ ਮੀਂਹ, ਲੋਕਾਂ ਨੂੰ ਸੜਕਾਂ ‘ਤੇ ਪਾਣੀ ਭਰਨ ਨਾਲ ਪਰੇਸ਼ਾਨੀ ਦਾ ਕਰਨਾ ਪਿਆ ਸਾਹਮਣਾ…. ਕਈ ਸੜਕਾਂ ਨੂੰ ਕੀਤਾ ਬੰਦ

ਦਿੱਲੀ-20 ਅਗਸਤ 2024

ਦਿੱਲੀ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਅੱਜ ਤਿੰਨ ਦਿਨਾਂ ਬਾਦ ਮੰਗਲਵਾਰ ਨੂੰ ਲੋਕਾਂ ਦੇ ਦਫ਼ਤਰ ਖੁੱਲ੍ਹ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜੇਕਰ 15 ਮਿੰਟ ਤੱਕ ਇਸ ਤਰ੍ਹਾਂ ਦੀ ਤੇਜ਼ ਬਾਰਿਸ਼ ਜਾਰੀ ਰਹੀ ਤਾਂ ਸੜਕਾਂ ‘ਤੇ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਅੱਜ ਘਰੋਂ ਨਿਕਲਣ ਤੋਂ ਪਹਿਲਾਂ ਟ੍ਰੈਫਿਕ ਸਥਿਤੀ ਦੀ ਜਾਂਚ ਕਰਨ।

ਆਈ.ਟੀ.ਓ ਦੇ ਨੇੜੇ ਦੇ ਇਲਾਕਿਆਂ ‘ਚ ਭਾਰੀ ਬਾਰਿਸ਼ ਹੋਣ ਦੀ ਸੂਚਨਾ ਮਿਲੀ ਹੈ। ਕਈ ਥਾਵਾਂ ‘ਤੇ ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ।ਦਿੱਲੀ ‘ਚ 3 ਦਿਨਾਂ ਦੀ ਛੁੱਟੀ ਤੋਂ ਬਾਅਦ ਅੱਜ ਤੜਕੇ ਦੀ ਬਾਰਿਸ਼ ਲੋਕਾਂ ਲਈ ਮੁਸੀਬਤ ਬਣ ਗਈ ਹੈ। ਮੀਂਹ ਇੰਨਾ ਤੇਜ਼ ਹੈ ਕਿ ਕਨਾਟ ਪਲੇਸ ਨੇੜੇ ਮਿੰਟੋ ਬ੍ਰਿਜ ਅੰਡਰਪਾਸ ਪਾਣੀ ‘ਚ ਡੁੱਬਿਆ ਨਜ਼ਰ ਆ ਰਿਹਾ ਹੈ। ਇੱਥੇ ਸੜਕਾਂ ’ਤੇ ਲਾਏ ਪੁਲੀਸ ਬੈਰੀਕੇਡ ਪਾਣੀ ਵਿੱਚ ਤੈਰਦੇ ਨਜ਼ਰ ਆਏ। ਇਸ ਦੇ ਨਾਲ ਹੀ ਮਿੰਟੋ ਪੁਲ ਨਾਲ ਜੁੜੀਆਂ ਸਾਰੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।ਮੀਂਹ ਦੇ ਕੁਝ ਪਲਾਂ ਵਿੱਚ ਹੀ ਦਿੱਲੀ ਦੀਆਂ ਸਾਰੀਆਂ ਸੜਕਾਂ ਪਾਣੀ ਨਾਲ ਭਰ ਗਈਆਂ। ਘਰ ਤੋਂ ਦਫਤਰ ਜਾਣ ਸਮੇਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਮਾਨਸੂਨ ਦਾ ਘੇਰਾ ਦਿੱਲੀ ਦੇ ਉੱਪਰ ਹੈ, ਇਸ ਲਈ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਸੀ। ਪਰ, ਇਹ ਮੀਂਹ ਲੋਕਾਂ ਲਈ ਆਫ਼ਤ ਬਣ ਕੇ ਆਇਆ ਹੈ, ਦਿੱਲੀ ਪਹਿਲਾਂ ਹੀ ਪਾਣੀ ਭਰਨ ਦੀ ਸਮੱਸਿਆ ਨਾਲ ਜੂਝ ਰਹੀ ਹੈ, ਹੁਣ ਇਹ ਤੇਜ਼ ਬਾਰਿਸ਼।