ਜੰਮੂ-ਕਸ਼ਮੀਰ ‘ਚ ਆਜ਼ਾਦੀ ਦਿਵਸ ਤੋਂ ਪਹਿਲਾਂ ਚਾਰ ਅੱਤਵਾਦੀਆਂ ਨੂੰ ਮਾਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ …….ਫੌਜ ਦਾ ਇਕ ਕਪਤਾਨ ਵੀ ਸ਼ਹੀਦ

ਜੰਮੂ-ਕਸ਼ਮੀਰ,14 ਅਗਸਤ 2024

ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਦੇ ਉੱਚਾਈ ਵਾਲੇ ਇਲਾਕਿਆਂ ‘ਚ ਬੁੱਧਵਾਰ ਨੂੰ ਫੌਜ ਨੇ ਇਕ ਮੁਕਾਬਲੇ ਦੌਰਾਨ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ,ਸੁਤੰਤਰਤਾ ਦਿਵਸ ਤੋਂ ਇੱਕ ਦਿਨ ਪਹਿਲਾਂ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ।ਹਾਲਾਂਕਿ ਇਸ ਆਪਰੇਸ਼ਨ ‘ਚ ਫੌਜ ਦਾ ਇਕ ਕਪਤਾਨ ਵੀ ਸ਼ਹੀਦ ਹੋ ਗਿਆ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਮੁਕਾਬਲੇ ‘ਚ ਇਕ ਨਾਗਰਿਕ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਸ਼ਹੀਦ ਕੈਪਟਨ ਦੀਪਕ ਸਿੰਘ 48 ਰਾਸ਼ਟਰੀ ਰਾਈਫਲਜ਼ ਦੇ ਸਿਪਾਹੀ ਸਨ। ਜ਼ਖਮੀ ਨਾਗਰਿਕ ਹਿਰਨੀ ਪਿੰਡ ਦਾ ਰਹਿਣ ਵਾਲਾ ਹੈ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵਗੜ੍ਹ-ਅਸਾਰ ਪੱਟੀ ‘ਚ ਲੁਕੇ ਹੋਏ ਵਿਦੇਸ਼ੀ ਅੱਤਵਾਦੀਆਂ ਦੀ ਤਲਾਸ਼ ‘ਚ ਸੁਰੱਖਿਆ ਬਲਾਂ ਅਤੇ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਸੰਯੁਕਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਇਸ ਦੌਰਾਨ ਸੰਘਣੇ ਜੰਗਲੀ ਖੇਤਰ ‘ਚ ਦੋਵਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਕੈਪਟਨ ਦੀਪਕ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਿਲਟਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।ਵ੍ਹਾਈਟ ਨਾਈਟ ਕੋਰ ਨੇ ਕੈਪਟਨ ਦੀਪਕ ਸਿੰਘ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਦੁਖੀ ਪਰਿਵਾਰ ਦੇ ਨਾਲ ਹੈ।