ਰਾਮ ਰਹੀਮ ਤੋਂ ਬਾਅਦ ਆਸਾਰਾਮ ਨੂੰ ਮਿਲੀ ਪੈਰੋਲ, ਜੋਧਪੁਰ ਹਾਈਕੋਰਟ ਨੇ ਦਿੱਤੀ ਪੈਰੋਲ
13 ਅਗਸਤ 2024
ਯੌਨ ਸ਼ੋਸ਼ਣ ਦੇ ਦੋਸ਼ਾਂ ਵਿੱਚ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਆਸਾਰਾਮ ਨੂੰ ਅਦਾਲਤ ਤੋਂ ਸੱਤ ਦਿਨਾਂ ਦੀ ਪੈਰੋਲ ਮਿਲ ਗਈ ਹੈ। ਆਸਾਰਾਮ ਨੂੰ ਰਾਜਸਥਾਨ ਹਾਈ ਕੋਰਟ ਨੇ ਇਲਾਜ ਲਈ ਪੈਰੋਲ ਦਿੱਤੀ ਹੈ। ਆਸਾਰਾਮ ਦੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੈਰੋਲ ਦਿੱਤੀ ਗਈ ਹੈ। ਆਸਾਰਾਮ ਪੁਲਿਸ ਹਿਰਾਸਤ ‘ਚ ਇਲਾਜ ਲਈ ਮਹਾਰਾਸ਼ਟਰ ਜਾਵੇਗਾ। ਆਸਾਰਾਮ ਦਾ ਇਲਾਜ ਮਹਾਰਾਸ਼ਟਰ ਵਿੱਚ ਹੋਵੇਗਾ। ਹਾਈ ਕੋਰਟ ਦੇ ਜਸਟਿਸ ਡਾ. ਪੁਸ਼ਪੇਂਦਰ ਸਿੰਘ ਭਾਟੀ ਦੀ ਡਿਵੀਜ਼ਨ ਬੈਂਚ ਨੇ ਅੰਤਰਿਮ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਹਾਲ ਹੀ ਵਿੱਚ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਆਸਾਰਾਮ ਦੀ ਸਿਹਤ ਇੱਕ ਵਾਰ ਫਿਰ ਵਿਗੜ ਗਈ। ਆਸਾਰਾਮ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਜੋਧਪੁਰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਆਸਾਰਾਮ ਦੀ ਮੈਡੀਕਲ ਜਾਂਚ ਤੋਂ ਬਾਅਦ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ। ਆਸਾਰਾਮ ਦੀ ਖਰਾਬ ਸਿਹਤ ਦੀ ਸੂਚਨਾ ਮਿਲਦੇ ਹੀ ਹਸਪਤਾਲ ਦੇ ਆਲੇ-ਦੁਆਲੇ ਉਨ੍ਹਾਂ ਦੇ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਆਸਾਰਾਮ ਨੂੰ ਸ਼ੁੱਕਰਵਾਰ ਸ਼ਾਮ ਨੂੰ ਛਾਤੀ ‘ਚ ਦਰਦ ਮਹਿਸੂਸ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਏਮਜ਼ ਹਸਪਤਾਲ ਲਿਜਾਇਆ ਗਿਆ। ਉੱਥੇ ਜ਼ਰੂਰੀ ਮੈਡੀਕਲ ਟੈਸਟ ਕੀਤੇ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੁਣੇ ਦੇ ਮਾਧਵਬਾਗ ਹਸਪਤਾਲ ਦੇ ਡਾਕਟਰਾਂ ਦੀ ਨਿਗਰਾਨੀ ਹੇਠ ਅਪ੍ਰੈਲ ਮਹੀਨੇ ਵਿੱਚ ਜੋਧਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਸਾਰਾਮ ਦੇ ਦਿਲ ਦਾ ਆਯੁਰਵੈਦਿਕ ਵਿਧੀ ਨਾਲ ਇਲਾਜ ਕੀਤਾ ਗਿਆ ਸੀ। ਹੁਣ ਇੱਕ ਵਾਰ ਫਿਰ ਆਸਾਰਾਮ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਰਕੇ ਏਮਜ਼ ਹਸਪਤਾਲ ਲਿਆਂਦਾ ਗਿਆ। ਉਹ ਲੰਬੇ ਸਮੇਂ ਤੋਂ ਛਾਤੀ ‘ਚ ਦਰਦ ਦੀ ਸ਼ਿਕਾਇਤ ਕਰ ਰਹੇ ਸਨ।
ਆਪਣੇ ਆਪ ਨੂੰ ਸੰਤ ਕਹਾਉਣ ਵਾਲੇ ਆਸਾਰਾਮ ‘ਤੇ ਇੱਕ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲੱਗਾ ਸੀ, ਜਿਸ ‘ਚ ਉਹ ਦੋਸ਼ੀ ਪਾਇਆ ਗਿਆ ਸੀ। ਪੀੜਤਾ ਨੇ ਆਸਾਰਾਮ ‘ਤੇ 2013 ‘ਚ ਜੋਧਪੁਰ ਦੇ ਆਸ਼ਰਮ ‘ਚ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ। ਉਸ ਸਮੇਂ ਉਹ ਨਾਬਾਲਗ ਸੀ। ਉਸ ਦੀ ਉਮਰ ਸਿਰਫ਼ 16 ਸਾਲ ਸੀ। ਆਸਾਰਾਮ ਇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਆਸਾਰਾਮ ਇਸ ਮਾਮਲੇ ਵਿੱਚ ਹੁਣ ਤੱਕ 11 ਸਾਲ ਦੀ ਸਜ਼ਾ ਕੱਟ ਚੁੱਕੇ ਹਨ। ਆਸਾਰਾਮ ਬਾਪੂ ਨੂੰ 31 ਅਗਸਤ 2013 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਕਈ ਵਾਰ ਜੇਲ੍ਹ ਤੋਂ ਬਾਹਰ ਆ ਕੇ ਜ਼ਮਾਨਤ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ।