ਬੇਸਮੈਂਟ ਵਿੱਚ ਵਪਾਰਕ ਗਤੀਵਿਧੀਆਂ ਕਰ ਰਹੇ 416 ਬਿਲਡਿੰਗ ਮਾਲਕਾਂ ਨੂੰ ਨਿਗਮ ਨੇ ਜਾਰੀ ਕੀਤੇ ਨੋਟਿਸ

13 ਅਗਸਤ 2024

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀਆਂ ਹਦਾਇਤਾਂ ’ਤੇ ਸ਼ਹਿਰ ਵਿੱਚ ਸਰਵੇਖਣ ਸ਼ੁਰੂ ਕਰਦਿਆਂ ਨਗਰ ਨਿਗਮ ਨੇ ਮੰਗਲਵਾਰ ਨੂੰ 416 ਬਿਲਡਿੰਗ ਮਾਲਕਾਂ ਨੂੰ ਆਪਣੀਆਂ ਇਮਾਰਤਾਂ ਦੇ ਬੇਸਮੈਂਟ ਵਿੱਚ ਵਪਾਰਕ ਗਤੀਵਿਧੀਆਂ ਚਲਾਉਣ ਲਈ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ 416 ਇਮਾਰਤਾਂ ਵਿੱਚੋਂ 35 ਇਮਾਰਤਾਂ ਜ਼ੋਨ ਏ, 176 ਜ਼ੋਨ ਬੀ, 40 ਜ਼ੋਨ ਸੀ ਅਤੇ 165 ਜ਼ੋਨ ਡੀ ਨਗਰ ਨਿਗਮ ਦੀਆਂ ਹਨ। ਦਿੱਲੀ ਵਿੱਚ ਇੱਕ ਕੋਚਿੰਗ ਇੰਸਟੀਚਿਊਟ ਦੀ ਬੇਸਮੈਂਟ ਵਿੱਚ ਪਾਣੀ ਭਰਨ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਤੋਂ ਬਾਅਦ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀਆਂ ਹਦਾਇਤਾਂ ’ਤੇ ਸਰਵੇ ਸ਼ੁਰੂ ਕੀਤਾ ਗਿਆ ਸੀ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਵੇਖਣ ਜਾਰੀ ਹੈ ਅਤੇ ਮੰਗਲਵਾਰ ਤੱਕ 416 ਇਮਾਰਤਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਬਾਕੀ ਖੇਤਰਾਂ/ਬਾਜ਼ਾਰਾਂ ਵਿੱਚ ਵੀ ਸਰਵੇਖਣ ਕੀਤਾ ਜਾ ਰਿਹਾ ਹੈ। ਨਗਰ ਨਿਗਮ ਵੱਲੋਂ ਜਾਰੀ ਨੋਟਿਸਾਂ ਰਾਹੀਂ ਬਿਲਡਿੰਗ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 7 ਦਿਨਾਂ ਦੇ ਅੰਦਰ-ਅੰਦਰ ਪ੍ਰਵਾਨਿਤ ਪਲਾਨ/ਕੰਪਾਊਂਡਿੰਗ ਫੀਸ ਦੀ ਰਸੀਦ ਜਮ੍ਹਾਂ ਕਰਾਉਣ, ਨਹੀਂ ਤਾਂ ਨਗਰ ਨਿਗਮ ਨਿਯਮਾਂ ਅਨੁਸਾਰ ਇਮਾਰਤ ਖ਼ਿਲਾਫ਼ ਕਾਰਵਾਈ ਸ਼ੁਰੂ ਕਰੇਗਾ।