ਵੱਡੀ ਖ਼ਬਰ -ED ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕੀਤਾ ਗ੍ਰਿਫਤਾਰ, ਮਨੀ ਲਾਂਡਰਿੰਗ ਐਕਟ ਤਹਿਤ ਹੋਈ ਕਾਰਵਾਈ, ਪੁੱਛਗਿੱਛ ਤੋਂ ਬਾਅਦ ਜਲੰਧਰ ਤੋਂ ਗ੍ਰਿਫਤਾਰ

1 ਅਗਸਤ 2024

ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਦੇਰ ਸ਼ਾਮ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਨੇ ਵੀਰਵਾਰ ਸਵੇਰੇ ਆਸ਼ੂ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦੇਰ ਸ਼ਾਮ ਉਸ ਨੂੰ ਜਲੰਧਰ ਸਥਿਤ ਉਸ ਦੇ ਦਫਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ।

ਵੱਡੀ ਗੱਲ ਇਹ ਹੈ ਕਿ ਵਿਜੀਲੈਂਸ ਨੇ ਅਗਸਤ 2022 ਵਿੱਚ ਟੈਂਡਰ ਟਰਾਂਸਪੋਰਟ ਘੁਟਾਲੇ ਵਿੱਚ ਐਫਆਈਆਰ ਦਰਜ ਕੀਤੀ ਸੀ ਅਤੇ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਕਰੀਬ ਅੱਠ ਮਹੀਨੇ ਜੇਲ੍ਹ ਵਿੱਚ ਰਿਹਾ। ਇਸ ਤੋਂ ਬਾਅਦ ਉਹ ਮਾਰਚ 2023 ‘ਚ ਜ਼ਮਾਨਤ ‘ਤੇ ਜੇਲ ਤੋਂ ਰਿਹਾਅ ਹੋ ਗਿਆ ਅਤੇ ਫਿਰ ਅਗਸਤ 2023 ‘ਚ ਹੀ ਈਡੀ ਨੇ ਆਸ਼ੂ ਅਤੇ ਕਈ ਹੋਰਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ। ਦੱਸਿਆ ਜਾਂਦਾ ਹੈ ਕਿ ਇਸ ਛਾਪੇਮਾਰੀ ਵਿੱਚ ਈਡੀ ਨੇ 5.5 ਕਰੋੜ ਰੁਪਏ ਤੋਂ ਵੱਧ ਦਾ ਸੋਨਾ ਅਤੇ ਨਕਦੀ ਬਰਾਮਦ ਕੀਤੀ ਸੀ। ਹੁਣ ਕਰੀਬ ਇੱਕ ਸਾਲ ਦੀ ਜਾਂਚ ਤੋਂ ਬਾਅਦ ਅੱਜ ਈਡੀ ਨੇ ਆਸ਼ੂ ਨੂੰ ਜਲੰਧਰ ਦਫ਼ਤਰ ਵਿੱਚ ਤਲਬ ਕੀਤਾ ਸੀ, ਜਿੱਥੇ ਸ਼ਾਮ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਅਣਅਧਿਕਾਰਤ ਪੀਏ ਮੀਨੂੰ ਮਲਹੋਤਰਾ ਅਤੇ ਇੰਦਰਜੀਤ ਸਿੰਘ ਇੰਡੀ ਤੋਂ ਵੀ ਹਾਲ ਹੀ ਵਿੱਚ ਈਡੀ ਨੇ ਪੁੱਛਗਿੱਛ ਕੀਤੀ ਸੀ। ਦੂਜੇ ਪਾਸੇ, ਅਗਸਤ 2023 ਵਿੱਚ, ਈਡੀ ਨੇ ਇਸ ਮਾਮਲੇ ਦੇ ਨਾਲ-ਨਾਲ ਇੰਪਰੂਵਮੈਂਟ ਟਰੱਸਟ ਘੁਟਾਲੇ ਨੂੰ ਲੈ ਕੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ, ਸਾਬਕਾ ਈਓ ਕੁਲਜੀਤ ਕੌਰ ਅਤੇ ਕਈ ਹੋਰਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਸੀ। ਜਿਸ ਤੋਂ ਬਾਅਦ ਹੁਣ ਸੂਤਰ ਇਸ ਮਾਮਲੇ ਵਿੱਚ ਈਡੀ ਦੇ ਹਰਕਤ ਵਿੱਚ ਆਉਣ ਦੀ ਗੱਲ ਕਹਿ ਰਹੇ ਹਨ। ਦੱਸਿਆ ਜਾਂਦਾ ਹੈ ਕਿ ਈਡੀ ਨੂੰ ਈ-ਨਿਲਾਮੀ ਵਿੱਚ ਵੱਡੇ ਘਪਲੇ ਦੇ ਸਬੂਤ ਮਿਲੇ ਹਨ ਅਤੇ ਰਿਸ਼ੀ ਨਗਰ ਵਿੱਚ ਫਲੈਟਾਂ ਲਈ ਰਾਖਵੀਂ ਜ਼ਮੀਨ ਉੱਤੇ ਐਲਡੀਪੀ ਪਲਾਟਾਂ ਦੀ ਵੰਡ ਵਿੱਚ ਵੀ ਕਈ ਅਹਿਮ ਸਬੂਤ ਮਿਲੇ ਹਨ।

ਆਸ਼ੂ ਖ਼ਿਲਾਫ਼ ਮਨੀ ਲਾਂਡਰਿੰਗ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂ ਭਾਰਤ ਭੂਸ਼ਣ ਆਸ਼ੂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸਨ ਤਾਂ ਉਨ੍ਹਾਂ ‘ਤੇ ਕਰੀਬ 2,000 ਕਰੋੜ ਰੁਪਏ ਦੇ ਟੈਂਡਰਾਂ ‘ਚ ਧੋਖਾਧੜੀ ਦੇ ਦੋਸ਼ ਲੱਗੇ ਸਨ। ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਆਸ਼ੂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ‘ਤੇ ਸਨ। ਵਿਜੀਲੈਂਸ ਦੀ ਐਫਆਈਆਰ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਰਟ ਦੇ ਟੈਂਡਰਾਂ ਵਿੱਚ ਵੱਡੇ ਪੱਧਰ ’ਤੇ ਬੇਨਿਯਮੀਆਂ ਹੋਈਆਂ ਸਨ। ਇਸ ਮਾਮਲੇ ਦੀ ਜਾਂਚ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਟਰਾਂਸਪੋਰਟੇਸ਼ਨ ਅਤੇ ਸਪਲਾਈ ਦੇ ਨਾਂ ‘ਤੇ ਕਈ ਜਾਅਲੀ ਵਾਹਨਾਂ ਦੀ ਵਰਤੋਂ ਅਤੇ ਦੁਰਵਰਤੋਂ ਕੀਤੀ ਜਾਂਦੀ ਸੀ। ਹਾਲਾਂਕਿ ਇਸ ਮਾਮਲੇ ‘ਚ ਵਿਭਾਗ ਦਾ ਅਹਿਮ ਅਧਿਕਾਰੀ ਰਾਕੇਸ਼ ਸਿੰਗਲਾ ਅਜੇ ਫਰਾਰ ਹੈ ਅਤੇ ਈਡੀ ਨੇ ਉਸ ਦੇ ਬੈਂਕ ਖਾਤੇ ਅਤੇ ਲਾਕਰ ਵੀ ਸੀਲ ਕਰ ਦਿੱਤੇ ਹਨ। ਇਸ ਮਾਮਲੇ ਵਿੱਚ ਆਸ਼ੂ ਦੇ ਦੋ ਅਣਅਧਿਕਾਰਤ ਪੀਏ ਤੋਂ ਇਲਾਵਾ ਵਿਭਾਗ ਦੇ ਦੋ ਡੀਐਫਐਸਸੀ ਪੱਧਰ ਦੇ ਅਧਿਕਾਰੀਆਂ ਸਮੇਤ ਤਿੰਨ ਕਮਿਸ਼ਨ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਸਾਰੇ ਇਸ ਵੇਲੇ ਜ਼ਮਾਨਤ ’ਤੇ ਬਾਹਰ ਹਨ।