ਹਿਮਾਚਲ ਪ੍ਰਦੇਸ਼’ਚ ਬੱਦਲ ਫਟਣ ਕਾਰਨ ਮਨਾਲੀ ਵਿੱਚ ਹੜ੍ਹ, ਪਲਚਨ ਵਿੱਚ ਮੱਚ ਗਈ ਹਫੜਾ-ਦਫੜੀ

ਹਿਮਾਚਲ ਪ੍ਰਦੇਸ਼,25 ਜੁਲਾਈ 2024

ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਅੱਧੀ ਰਾਤ ਨੂੰ ਬੱਦਲ ਫਟਣ ਕਾਰਨ ਅੰਜਨੀ ਮਹਾਦੇਵ ਨਦੀ ਅਤੇ ਅਖਰੀ ਡਰੇਨ ‘ਚ ਹੜ੍ਹ ਆ ਗਿਆ। ਹੜ੍ਹ ਕਾਰਨ ਪਲਚਨ, ਰੁੜ ਅਤੇ ਕੁਲੰਗ ਪਿੰਡਾਂ ਵਿੱਚ ਹਫੜਾ-ਦਫੜੀ ਮੱਚ ਗਈ। ਨਦੀ ਵਿੱਚੋਂ ਆ ਰਹੀ ਭਿਆਨਕ ਆਵਾਜ਼ ਤੋਂ ਹਰ ਕੋਈ ਡਰ ਗਿਆ। ਹੜ੍ਹ ਕਾਰਨ ਪਲਚਨ ਵਿੱਚ ਦੋ ਘਰ ਵਹਿ ਗਏ ਹਨ ਜਦੋਂਕਿ ਇੱਕ ਘਰ ਨੂੰ ਅੰਸ਼ਕ ਤੌਰ ’ਤੇ ਨੁਕਸਾਨ ਪੁੱਜਾ ਹੈ।

ਪੁਲ ਅਤੇ ਬਿਜਲੀ ਪ੍ਰਾਜੈਕਟ ਵੀ ਨੁਕਸਾਨੇ ਗਏ ਹਨ। ਘਰਾਂ ਵਿੱਚ ਰਹਿੰਦੇ ਲੋਕ ਆਪਣੀ ਜਾਨ ਬਚਾਉਣ ਲਈ ਭੱਜੇ ਪਰ ਘਰ ਹੜ੍ਹ ਦੀ ਮਾਰ ਹੇਠ ਆ ਗਏ। ਪਲਚਨ ਅਤੇ ਸੋਲਾਂਗ ਨੇੜੇ ਬਰਫ ਦੀ ਗੈਲਰੀ ‘ਚ ਮਲਬੇ ਕਾਰਨ ਮਨਾਲੀ ਲੇਹ ਰੋਡ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਮਨਾਲੀ ਪ੍ਰਸ਼ਾਸਨ ਰਾਹਤ ਕਾਰਜਾਂ ‘ਚ ਲੱਗਾ ਹੋਇਆ ਹੈ। ਪ੍ਰਸ਼ਾਸਨ ਵੀ ਨੁਕਸਾਨ ਦਾ ਜਾਇਜ਼ਾ ਲੈ ਰਿਹਾ ਹੈ। ਹੜ੍ਹ ਕਾਰਨ ਧਨੀ ਰਾਮ ਦੇ ਘਰ ਸਮੇਤ ਖਿਮੀ ਦੇਵੀ ਦਾ ਘਰ ਵਹਿ ਗਿਆ ਹੈ ਜਦਕਿ ਸੁਰੇਸ਼ ਦਾ ਘਰ ਨੁਕਸਾਨਿਆ ਗਿਆ ਹੈ।

ਅੱਧੀ ਰਾਤ ਨੂੰ ਹੜ੍ਹ ਆਉਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਗਿਆ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਰਾਹਤ ਕਾਰਜ ਜਾਰੀ ਹਨ ਜਦਕਿ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ