ਬਜਟ 2024: ਕੇਂਦਰੀ ਵਿੱਤ ਮੰਤਰੀ ਸੰਸਦ ਵਿੱਚ ਪੇਸ਼ ਕਰ ਰਹੇ ਹਨ ਬਜਟ,ਰੁਜ਼ਗਾਰ, ਹੁਨਰ ਅਤੇ ਨੌਜਵਾਨਾਂ ‘ਤੇ ਕੇਂਦਰਿਤ, ਸਿੱਖਿਆ ਲਈ ਸਰਕਾਰ ਖਰਚੇਗੀ 1.48 ਲੱਖ ਕਰੋੜ ਰੁਪਏ
ਕੇਂਦਰੀ ਬਜਟ 2024, 23 ਜੁਲਾਈ 2024
ਭਾਰਤ ਦੇ ਲੋਕਾਂ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਆਪਣਾ ਭਰੋਸਾ ਪ੍ਰਗਟਾਇਆ ਹੈ। ਇਸ ਦੇ ਨਾਲ ਹੀ ਭਾਰਤ ਦੀ ਅਰਥਵਿਵਸਥਾ ਔਖੇ ਸਮੇਂ ਵਿੱਚ ਵੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਹੈ।ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ 2024 ਪੇਸ਼ ਕਰ ਰਹੀ ਹੈ। ਇਹ ਸੱਤਵੀਂ ਵਾਰ ਹੈ ਜਦੋਂ ਨਿਰਮਲਾ ਸੀਤਾਰਮਨ ਨੂੰ ਬਜਟ ਪੇਸ਼ ਕਰਨ ਦਾ ਮੌਕਾ ਮਿਲਿਆ ਹੈ।ਬਜਟ ਪੇਸ਼ ਕਰਦੇ ਹੋਏ ਨਿਰਮਲਾ ਸੀਤਾਰਮਨ ਨੇ ਕਿਹਾ, “ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨੂੰ 5 ਸਾਲਾਂ ਲਈ ਵਧਾ ਦਿੱਤਾ ਗਿਆ ਹੈ, ਜਿਸ ਦਾ ਲਾਭ ਦੇਸ਼ ਦੇ 80 ਕਰੋੜ ਲੋਕ ਲੈ ਰਹੇ ਹਨ। ਸਾਡੀ ਸਰਕਾਰ ਦਾ ਪੂਰਾ ਧਿਆਨ ਰੁਜ਼ਗਾਰ, ਹੁਨਰ ਅਤੇ ਨੌਜਵਾਨਾਂ ‘ਤੇ ਹੈ। ਇਸ ਸਮੇਂ ਦੇਸ਼ ਵਿੱਚ ਮਹਿੰਗਾਈ ਦਰ 3.1% ਹੈ, ਸਿੱਖਿਆ ਅਤੇ ਰੁਜ਼ਗਾਰ ਲਈ 1.48 ਲੱਖ ਕਰੋੜ ਰੁਪਏ ਖਰਚਣ ਦਾ ਪ੍ਰਸਤਾਵ ਹੈ।
ਬਜਟ ਵਿੱਚ ਆਂਧਰਾ ਪ੍ਰਦੇਸ਼ ਨੂੰ 15,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਬਿਹਾਰ ਵਿੱਚ ਸੜਕਾਂ ਲਈ 26,000 ਕਰੋੜ ਰੁਪਏ ਦੀ ਵਿਵਸਥਾ ਹੈ। ਤੁਹਾਨੂੰ ਦੱਸ ਦੇਈਏ ਕਿ ਆਂਧਰਾ ਅਤੇ ਬਿਹਾਰ ਵਿੱਚ ਭਾਜਪਾ ਦੀ ਗਠਜੋੜ ਸਰਕਾਰ ਹੈ। ਵਿੱਤ ਮੰਤਰੀ ਨੇ ਕਿਹਾ, “ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 3 ਕਰੋੜ ਵਾਧੂ ਘਰ ਬਣਾਏ ਜਾਣਗੇ। ਨਵੇਂ ਹਵਾਈ ਅੱਡੇ, ਮੈਡੀਕਲ ਕਾਲਜ ਬਣਾਉਣ ਦੀ ਯੋਜਨਾ ਹੈ। ਪੂਰਬੀ ਖੇਤਰ ਵਿੱਚ ਉਦਯੋਗਿਕ ਗਲਿਆਰੇ ਬਣਾਏ ਜਾਣਗੇ, ਜਿਸਦਾ ਸਾਕਾਰਾਤਮਕ ਪ੍ਰਭਾਵ ਪਵੇਗਾ।
ਮੋਦੀ ਸਰਕਾਰ ਨੇ ਬਜਟ ‘ਚ ਨੌਜਵਾਨਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਬਜਟ ਵਿੱਚ ਵਿਦਿਆਰਥੀਆਂ ਲਈ 10 ਲੱਖ ਰੁਪਏ ਕਰਜ਼ੇ ਦੀ ਤਜਵੀਜ਼ ਰੱਖੀ ਗਈ ਹੈ। ਸਰਕਾਰ ਨੇ ਉੱਚ ਸਿੱਖਿਆ ਲਈ 10 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਕਰਮਚਾਰੀਆਂ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਉਣਾ ਇੱਕ ਤਰਜੀਹ ਹੋਵੇਗੀ।