ਮੋਗਾ ਵਿੱਚ ਪਾਵਰ ਗਰਿੱਡ ਵਿੱਚ ਲੱਗੀ ਭਿਆਨਕ ਅੱਗ:ਲੋਡ ਵਧਣ ਕਰਕੇ ਅੱਗ ਦੀ ਲਪੇਟ ਵਿੱਚ ਆਇਆ ਪਾਵਰ ਗਰਿੱਡ
ਪੰਜਾਬ ਨਿਊਜ਼,20 ਜੂਨ 2021
ਮੋਗਾ ਦੇ ਪਿੰਡ ਸਿੰਘਾ ਵਾਲਾ ਦੇ 220 ਕੇਵੀਏ ਪਾਵਰ ਗਰਿੱਡ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਅੱਗ ਇੰਨੀ ਭਿਆਨਕ ਹੈ ਕਿ ਅੱਗ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਰਿਹਾ ਹੈ। ਸ਼ਨੀਵਾਰ ਸ਼ਾਮ ਕਰੀਬ 5.30 ਵਜੇ ਬਿਜਲੀ ਗਰਿੱਡ ਵਿੱਚ ਅਚਾਨਕ ਅੱਗ ਲੱਗ ਗਈ।
ਅੱਗ ਲੱਗੀ ਨੂੰ ਡੇਢ ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਇਸ ਮੌਕੇ ਮੋਗਾ ਬਾਘਾ ਪੁਰਾਣਾ ਅਤੇ ਜਗਰਾਓ, ਫਰੀਦਕੋਟ ਅਤੇ ਬਠਿੰਡਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਹਨ ਅਤੇ ਅੱਗ ’ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅੱਗ ਲੱਗਣ ਕਾਰਨ ਆਸਪਾਸ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ।