ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਤੇ ਪੰਥਕ ਵਿਦਵਾਨ ਜਸਪਾਲ ਸਿੰਘ ਹੇਰਾਂ ਨਹੀਂ ਰਹੇ – ਆਗੂਆਂ ਵਲੋਂ ਦੁੱਖ ਦਾ ਇਜ਼ਹਾਰ  

ਨਿਊਜ਼ ਪੰਜਾਬ

ਲੁਧਿਆਣਾ, 18ਜੁਲਾਈ – ਪੰਜਾਬ ਦੇ ਉੱਘੇ ਪੱਤਰਕਾਰ, ਰੋਜ਼ਾਨਾ ਪਹਿਰੇਦਾਰ ਦੇ ਮੁਖ ਸੰਪਾਦਕ ਅਤੇ ਸਿੱਖ ਮਸਲਿਆਂ ‘ਤੇ ਬੇਬਾਕੀ ਨਾਲ ਆਪਣੀ ਰਾਏ ਰੱਖਣ ਵਾਲੇ ਸ੍ਰ. ਜਸਪਾਲ ਸਿੰਘ ਹੇਰਾਂ ਨਹੀਂ ਰਹੇ। ਜਸਪਾਲ ਸਿੰਘ ਹੇਰਾਂ ਪਿਛਲੇ ਲੰਮੇ ਸਮੇ ਤੋਂ ਬਿਮਾਰ ਸਨ।

ਉਨ੍ਹਾਂ ਦੀ ਸਿਹਤ ਪਿਛਲੇ ਦੋ ਤਿੰਨ ਮਹੀਨੇ ਤੋਂ ਲਗਾਤਾਰ ਢਿੱਲੀ ਚੱਲ ਰਹੀ ਸੀ। ਉਹ ਮੋਹਾਲੀ ਦੇ ਮੈਕਸ ਹਸਪਤਾਲ ਵਿਚ ਇਲਾਜ ਅਧੀਨ ਸਨ। ਦੁਨੀਆਂ ਉਤੋਂ ਤੁਰ ਜਾਣ ਦੀ ਖਬਰ ਨੇ ਪੰਥਕ ਹਲਕਿਆਂ ਖਾਸ ਕਰ ਅਖਬਾਰੀ ਜਗਤ ਦੇ ਵਿਹੜਿਆਂ ਵਿੱਚ ਸੋਗ ਪਾ ਦਿੱਤਾ ।

ਸ੍ਰ. ਹੇਰਾਂ ਲੰਬਾ ਸਮਾਂ ਪੱਤਰਕਾਰੀ ਕਰਦੇ ਰਹੇ,ਪੰਥਕ ਸੋਚ ਦੇ ਧਾਰਨੀ ਸ੍ਰ. ਜਸਪਾਲ ਸਿੰਘ ਨੇ ਲੁਧਿਆਣਾ ਤੋਂ ਰੋਜ਼ਾਨਾ ਅਜੀਤ ਲਈ ਵੀ ਪੱਤਰਕਾਰੀ ਕੀਤੀ ਅਤੇ ਪਹਿਰੇਦਾਰ ਅਖਬਾਰ ਸ਼ੁਰੂ ਕੀਤਾ। ਜਸਪਾਲ ਸਿੰਘ ਹੇਰਾਂ ਦੀਆਂ ਸੰਪਾਦਕੀਆਂ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ ਹੁੰਦੀਆਂ ਸਨ ਜਿਨਾਂ ਵਿੱਚ ਪੰਜਾਬ ਅਤੇ ਪੰਥ ਦੀ ਗੱਲ ਵਿਸ਼ੇਸ਼ ਤੌਰ ਉਤੇ ਕੀਤੀ ਜਾਂਦੀ ਸੀ । ਉਨ੍ਹਾਂ ਨੇ ਪੰਥਕ ਕਿਤਾਬਾਂ ਵੀ ਲਿਖੀਆਂ। ਜਸਪਾਲ ਸਿੰਘ ਹੇਰਾਂ ਦੇ ਤੁਰ ਜਾਣ ਉੱਤੇ ਦੇਸ਼ ਵਿਦੇਸ਼ ਵਿੱਚੋਂ ਉਹਨਾਂ ਦੇ ਪ੍ਰਸ਼ੰਸਕਾਂ ਪਾਠਕਾਂ ਪੱਤਰਕਾਰ ਭਾਈਚਾਰਾ ਸੰਪਾਦਕ ਬੁੱਧੀਜੀਵੀ ਵਰਗ  ਧਾਰਮਿਕ ਜਥੇਬੰਦੀਆਂ, ਪੰਥਕ ਅਤੇ ਰਾਜਨੀਤਿਕ ਆਗੂਆਂ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ ।

ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਮ੍ਰਿਤਕ ਸਰੀਰ ਅੱਜ ਸ਼ਾਮ ਨੂੰ ਜਗਰਾਉ ਪਹੁੰਚ ਜਾਵੇਗਾ। 19 ਜੁਲਾਈ ਸ਼ੁਕਰਵਾਰ ਨੂੰ ਸਵੇਰੇ 10 ਵਜੇ ਦੇ ਕਰੀਬ ਸ਼ੇਰਪੁਰ ਰੋਡ, ਸਾਹਮਣੇ ਨਵੀਂ ਦਾਣਾ ਮੰਡੀ ਜਗਰਾਉ ਦੇ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।