ਜਲੰਧਰ ਤੋਂ ਅਕਾਲੀ ਉਮੀਦਵਾਰ ਸੁਰਜੀਤ ਕੌਰ ਨੇ ‘ਆਪ’ ‘ਚ ਸ਼ਾਮਲ ਹੋ ਕੇ ਲਿਆ ਯੂ-ਟਰਨ, ਅਕਾਲੀ ਦਲ ਵਿੱਚ ਵਾਪਸੀ ਦਾ ਐਲਾਨ

ਪੰਜਾਬ ਨਿਊਜ਼,3 ਜੁਲਾਈ 2024

ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਸਿਆਸਤ ਵਿਚ ਮੰਗਲਵਾਰ ਨੂੰ ਕਾਫੀ ਉਥਲ-ਪੁਥਲ ਦੇਖਣ ਨੂੰ ਮਿਲੀ। ਜਿੱਥੇ ਟਕੜੀ ਦੇ ਚੋਣ ਨਿਸ਼ਾਨ ‘ਤੇ ਚੋਣ ਲੜ ਰਹੀ ਸੁਰਜੀਤ ਕੌਰ ਨੂੰ ਸਵੇਰੇ ਆਪਣੇ ਸਮਰਥਕਾਂ ਨਾਲ ਦੇਖਿਆ ਗਿਆ, ਉੱਥੇ ਹੀ ਦੁਪਹਿਰ 12 ਵਜੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਈ।

ਉਹ ਪੂਰੇ ਪਰਿਵਾਰ ਅਤੇ ਸਮਰਥਕਾਂ ਨਾਲ ‘ਆਪ’ ‘ਚ ਸ਼ਾਮਲ ਹੋਏ ਅਤੇ ਮਾਨ ਨੇ ਸਾਰਿਆਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਰਾਤ 8 ਵਜੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਨਾਲ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਵਿੱਚ ਵਾਪਸੀ ਦਾ ਐਲਾਨ ਕੀਤਾ।

ਇਸ ਦੌਰਾਨ ਜਿੱਥੇ ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਪਰਿਵਾਰ ਨੂੰ ਗੁੰਮਰਾਹ ਕਰਨ ਦੀ ਗੱਲ ਕੀਤੀ, ਉੱਥੇ ਹੀ ਉਨ੍ਹਾਂ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਜ਼ੋਰਦਾਰ ਢੰਗ ਨਾਲ ਚੋਣ ਲੜਨ ਦਾ ਐਲਾਨ ਵੀ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਦਲੀਲ ਦਿੱਤੀ ਕਿ ਸਵੇਰੇ ਭੁੱਲ ਕੇ ਸ਼ਾਮ ਨੂੰ ਘਰ ਪਰਤਣਾ ਹੈ।