ਅਮਰਨਾਥ ਯਾਤਰਾ ਤੋਂ ਪਰਤ ਰਹੀ ਬੱਸ ਦੀ ਹੋਈ ਬ੍ਰੇਕ ਫੇਲ੍ਹ, ਸੈਨਾ ਦੀ ਸੁਝਬੂਝ ਨਾਲ ਹਾਦਸਾ ਟਲਿਆ ।

3 ਜੁਲਾਈ 2024

ਜੰਮੂ-ਸ਼੍ਰੀਨਗਰ ਹਾਈਵੇਅ ‘ਤੇ ਅਮਰਨਾਥ ਯਾਤਰਾ ਤੋਂ ਪਰਤ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਦੇ  ਅਚਾਨਕ ਬ੍ਰੇਕ ਫੇਲ ਹੋ ਗਈ।ਇਸ ਘਟਨਾ ਕਾਰਨ ਬੱਸ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ। ਬੱਸ ਵਿੱਚ ਸਵਾਰ 40 ਸ਼ਰਧਾਲੂਆਂ ਵਿੱਚੋਂ ਕੁਝ ਨੇ ਚੱਲਦੀ ਬੱਸ ਵਿੱਚੋਂ ਛਾਲ ਮਾਰ ਦਿੱਤੀ।

ਬੱਸ ਨੂੰ ਕਾਬੂ ਤੋਂ ਬਾਹਰ ਹੁੰਦੀ ਦੇਖ ਕੇ ਸਥਾਨਕ ਪੁਲਿਸ ਅਤੇ ਭਾਰਤੀ ਫੌਜ ਦੇ ਜਵਾਨਾਂ ਨੇ ਚੱਲਦੀ ਬੱਸ ਦੇ ਟਾਇਰਾਂ ਅੱਗੇ ਵੱਡੇ-ਵੱਡੇ ਪੱਥਰ ਰੱਖ ਦਿੱਤੇ, ਜਿਸ ਕਾਰਨ ਬੱਸ ਰੁਕ ਗਈ। ਪੁਲਿਸ ਨੇ ਦੱਸਿਆ ਕਿ ਸ਼ਰਧਾਲੂ ਦਰਸ਼ਨ ਕਰਕੇ ਪੰਜਾਬ ਦੇ ਹੁਸ਼ਿਆਰਪੁਰ ਵੱਲ ਜਾ ਰਹੇ ਸਨ। ਹਾਦਸੇ ‘ਚ 10 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਪੁਲਿਸ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਦੇ ਕੋਲ ਇੱਕ ਨਾਲਾ ਸੀ। ਜੇਕਰ ਫ਼ੌਜੀ ਬੱਸ ਨੂੰ ਸਮੇਂ ਸਿਰ ਨਾ ਰੋਕਣ ਵਿੱਚ ਕਾਮਯਾਬ ਨਾ ਹੁੰਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਜ਼ਖ਼ਮੀਆਂ ਵਿੱਚ 6 ਪੁਰਸ਼, 3 ਔਰਤਾਂ ਅਤੇ ਇੱਕ ਬੱਚਾ ਸ਼ਾਮਲ ਹੈ। ਇਨ੍ਹਾਂ ‘ਚੋਂ ਕੁਝ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ।