18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ,PM ਮੋਦੀ ਸਮੇਤ ਨਵੇ ਸੰਸਦ ਮੈਂਬਰ ਸਹੁੰ ਚੁੱਕਣਗੇ
24 ਜੂਨ 2024
18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਸੋਮਵਾਰ ਤੋ ਸ਼ੁਰੂ ਹੋ ਰਿਹਾ ਹੈ। 3 ਜੁਲਾਈ ਤੱਕ ਚੱਲਣ ਵਾਲੇ ਸੈਸ਼ਨ ਦੇ ਪਹਿਲੇ ਦੋ ਦਿਨ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਨਵੀਂ ਲੋਕ ਸਭਾ ਸਪੀਕਰ ਦੀ ਚੋਣ ਬੁੱਧਵਾਰ ਨੂੰ ਹੋਵੇਗੀ, ਜਦੋਂ ਕਿ ਵੀਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਵਿਰੋਧੀ ਧਿਰ ਨੇ ਪ੍ਰੋਟੈਮ ਪ੍ਰਧਾਨ ਦੀ ਨਿਯੁਕਤੀ ਤੋਂ ਇਲਾਵਾ ਨੀਟ-ਯੂਜੀ ਪੇਪਰ ਲੀਕ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਮਾਮਲੇ ਵਿੱਚ ਵੀ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਹੈ, ਜਿਸ ਕਾਰਨ ਪਹਿਲੇ ਦਿਨ ਹੀ ਹੰਗਾਮਾ ਹੋਣ ਦੇ ਆਸਾਰ ਹਨ।
ਸੈਸ਼ਨ ਦੇ ਪਹਿਲੇ ਦਿਨ ਵਿਰੋਧੀ ਧਿਰ ਨੇ ਸੱਤ ਵਾਰ ਦੇ ਸੰਸਦ ਮੈਂਬਰ ਭਰਤਹਿਰੀ ਮਹਿਤਾਬ ਨੂੰ ਪ੍ਰੋਟੈਮ ਸਪੀਕਰ ਨਿਯੁਕਤ ਕੀਤੇ ਜਾਣ ਵਿਰੁੱਧ ਵਿਰੋਧ ਦਰਜ ਕਰਵਾਉਣ ਦਾ ਫੈਸਲਾ ਕੀਤਾ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸੀਨੀਆਰਤਾ ਦੇ ਆਧਾਰ ‘ਤੇ ਉਸ ਦੇ ਸੰਸਦ ਮੈਂਬਰ ਕੇ ਸੁਰੇਸ਼ ਇਸ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਹਨ।
ਰਾਸ਼ਟਰਪਤੀ ਮੁਰਮੂ ਸੋਮਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿੱਚ ਪ੍ਰੋਟੇਮ ਸਪੀਕਰ ਦੇ ਰੂਪ ਵਿੱਚ ਮਹਿਤਾਬ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਇਸ ਤੋਂ ਬਾਅਦ ਮਹਿਤਾਬ ਸੰਸਦ ਭਵਨ ਪਹੁੰਚਣਗੇ ਅਤੇ ਸਵੇਰੇ 11 ਵਜੇ ਤੋਂ ਸਦਨ ਦੀ ਕਾਰਵਾਈ ਸ਼ੁਰੂ ਕਰਨਗੇ। ਸਮਾਗਮ ਦੀ ਸ਼ੁਰੂਆਤ ਮ੍ਰਿਤਕ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਮਿੰਟ ਦਾ ਮੌਨ ਧਾਰ ਕੇ ਕੀਤੀ ਜਾਵੇਗੀ।