ਦਿੱਲੀ ਦੇ ਚਾਂਦਨੀ ਚੌਕ ਨੇੜੇ ਅੱਗ ਲੱਗਣ ਨਾਲ 65 ਦੁਕਾਨਾਂ ਸੜੀਆਂ – ਦੋ ਬਿਲਡਿੰਗਾਂ ਹੋਈਆਂ ਤਬਾਹ – ਲੇਡੀਜ਼ ਸੂਟ, ਲਹਿੰਗਾ, ਸਾੜੀਆਂ ਅਤੇ ਕਪੜਾ ਦੁਕਾਨਦਾਰਾਂ ਦਾ 100 ਕਰੋੜ ਦਾ ਨੁਕਸਾਨ

ਨਿਊਜ਼ ਪੰਜਾਬ ਬਿਊਰੋ

ਨਵੀਂ ਦਿੱਲੀ –  ਚਾਂਦਨੀ ਚੌਕ ਦੇ ਨੇੜੇ ਨਈ ਸੜਕ ਇਲਾਕੇ ਦੇ ਕਟੜਾ ਮਾਰਵਾੜੀ ‘ਚ ਵੀਰਵਾਰ ਸ਼ਾਮ ਨੂੰ ਬਹੁ ਮੰਜਲੀ ਇਮਾਰਤ ਵਿੱਚ ਸਥਿਤ ਕਪੜੇ ਦੀਆਂ ਦੁਕਾਨਾਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਸ਼ੁਰੂ ਹੋਈ। ਇਸ ਤੋਂ ਬਾਅਦ ਅੱਗ ਕੁਝ ਦੇਰ ‘ਚ ਫੈਲਣ ਲੱਗੀ। ਸੂਚਨਾ ਮਿਲਣ ਤੇ ਤੁਰੰਤ ਬਚਾਅ ਟੀਮ ਨੂੰ ਉੱਥੇ ਭੇਜਿਆ ਗਿਆ। 50 ਤੋਂ ਵੱਧ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਅੱਧੀ ਰਾਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ l ਪਰ ਉਸ ਸਮੇਂ ਤੱਕ ਦੋ ਬਿਲਡਿੰਗਾਂ ਪੂਰੀ ਤਰ੍ਹਾਂ ਢਹਿ – ਢੇਰੀ ਹੋ ਗਈਆਂ

ਲਗਭਗ ਸਾਰੀਆਂ ਦੁਕਾਨਾਂ ‘ਤੇ ਸਾੜੀਆਂ, ਸੂਟ, ਲਹਿੰਗਾ ਅਤੇ ਪਹਿਰਾਵਾ ਸਮੱਗਰੀ ਉਪਲਬਧ ਸੀ। ਅਜਿਹੇ ‘ਚ ਅੱਗ ਵਧਦੀ ਹੀ ਗਈ। ਅੱਗ ਦੀਆਂ ਲਪਟਾਂ 50-50 ਫੁੱਟ ਉੱਚੀਆਂ ਹੋਣ ਲੱਗੀਆਂ। ਜਿਨ੍ਹਾਂ ਇਮਾਰਤਾਂ ‘ਚ ਅੱਗ ਲੱਗੀ, ਉਨ੍ਹਾਂ ‘ਚ ਗਰਾਊਂਡ ਫਲੋਰ ਤੋਂ ਇਲਾਵਾ ਪਹਿਲੀ ਅਤੇ ਦੂਜੀ ਮੰਜ਼ਿਲ ‘ਤੇ ਦੁਕਾਨਾਂ ਅਤੇ ਗੋਦਾਮ ਸਨ। ਇਮਾਰਤਾਂ ਦੀਆਂ ਛੱਤਾਂ ਟਰਾਵਲ ਅਤੇ ਟੀ-ਲੋਹੇ-ਗਟਰ ਦੀਆਂ ਬਣੀਆਂ ਹੋਈਆਂ ਸਨ।ਅੱਗ ਲੱਗਣ ਕਾਰਨ ਇਮਾਰਤ ਦਾ ਤਾਪਮਾਨ ਵਧ ਗਿਆ ਅਤੇ ਲੋਹੇ ਦੇ ਗਟਰ ਅਤੇ ਟੀ ​​ਆਇਰਨ ਪਿਘਲ ਗਏ ਅਤੇ ਇਮਾਰਤਾਂ ਜ਼ਮੀਨ ‘ਤੇ ਧਸ ਗਈਆਂ। ਇਨ੍ਹਾਂ ਦੋਵਾਂ ਇਮਾਰਤਾਂ ਵਿੱਚ 60 ਤੋਂ 65 ਦੁਕਾਨਾਂ ਦੱਸੀਆਂ ਜਾਂਦੀਆਂ ਹਨ।

ਨਵੀਂ ਸੜਕ ਟਰੇਡਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਮਹਿੰਦਰੂ ਨੇ ਦੱਸਿਆ ਕਿ ਇਮਾਰਤਾਂ ਦੇ ਨਾਲ-ਨਾਲ ਵਪਾਰੀਆਂ ਦੇ ਸੁਪਨੇ ਵੀ ਅੱਗ ਦੀ ਭੇਟ ਚੜ੍ਹ ਗਏ। ਅੱਗ ਲੱਗਣ ਕਾਰਨ 100 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ।

 

ਤਸਵੀਰਾਂ – ਸੋਸ਼ਲ ਮੀਡੀਆ / x