ਸਪੈਸ਼ਲ ਪੁਲਿਸ ਅਬਜ਼ਰਵਰ ਵੱਲੋਂ ਅਧਿਕਾਰੀਆਂ ਨੂੰ ਪੋਲਿੰਗ ਬੂਥ ਦੇ 100 ਮੀਟਰ ਦੇ ਘੇਰੇ ‘ਚ ਕੋਈ ਵੀ ਇਕੱਠ ਨਾ ਹੋਣ ਦੇਣ ਦੇ ਨਿਰਦੇਸ਼ 

 

ਪੋਲਿੰਗ ਤਿਆਰੀਆਂ ਦੀ ਸਮੀਖਿਆ

– ਲੁਧਿਆਣਾ ਸੰਸਦੀ ਹਲਕੇ ਦੇ ਜਨਰਲ ਅਤੇ ਪੁਲਿਸ ਅਬਜ਼ਰਵਰ, ਜ਼ਿਲ੍ਹਾ ਚੋਣ ਅਫ਼ਸਰ, ਪੁਲਿਸ ਕਮਿਸ਼ਨਰ, ਐਸ.ਐਸ.ਪੀ. ਅਤੇ ਸੀ.ਏ.ਪੀ.ਐਫ. ਦੇ ਨਾਲ ਕੀਤੀ ਮੀਟਿੰਗ

– ਪੋਲਿੰਗ ਸਟੇਸ਼ਨਾਂ ਦੇ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ‘ਤੇ ਸਖ਼ਤੀ ਨਾਲ ਕੀਤਾ ਜਾਵੇ ਅਮਲ

ਨਿਊਜ਼ ਪੰਜਾਬ

ਲੁਧਿਆਣਾ, 30 ਮਈ  – ਸਪੈਸ਼ਲ ਪੁਲਿਸ ਅਬਜ਼ਰਵਰ ਦੀਪਕ ਮਿਸ਼ਰਾ ਨੇ ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1 ਜੂਨ ਨੂੰ ਹੋਣ ਵਾਲੀਆਂ ਵੋਟਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਪੁਲਿਸ ਅਬਜ਼ਰਵਰ ਸਤੀਸ਼ ਕੁਮਾਰ, ਜਨਰਲ ਅਬਜ਼ਰਵਰ ਦਿਵਿਆ ਮਿੱਤਲ, ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਨੀਲਭ ਕਿਸ਼ੋਰ, ਐਸ.ਐਸ.ਪੀ. ਲੁਧਿਆਣਾ ਦਿਹਾਤੀ ਨਵਨੀਤ ਸਿੰਘ ਬੈਂਸ ਨਾਲ ਮੀਟਿੰਗ ਦੌਰਾਨ ਦੀਪਕ ਮਿਸ਼ਰਾ ਨੇ ਸ਼ਾਂਤਮਈ ਮਤਦਾਨ ਨੂੰ ਯਕੀਨੀ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਅਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਦੀ ਹਦਾਇਤ ਕੀਤੀ।

ਸਪੈਸ਼ਲ ਪੁਲਿਸ ਅਬਜ਼ਰਵਰ ਮਿਸ਼ਰਾ ਨੇ ਕਿਹਾ ਕਿ ਪੋਲਿੰਗ ਬੂਥ ਦੇ 100 ਮੀਟਰ ਦੇ ਦਾਇਰੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਕੱਠ ਨਾ ਹੋਵੇ, ਖਾਸ ਤੌਰ ‘ਤੇ ਸੰਭਾਵੀ ਗੜਬੜੀ ਪੈਦਾ ਕਰਨ ਵਾਲਿਆਂ ‘ਤੇ ਨਕੇਲ ਕੱਸੀ ਜਾਵੇ ਤਾਂ ਜੋ ਕੋਈ ਵੀ ਵੋਟਰ ਬਿਨ੍ਹਾਂ ਕਿਸੇ ਦਬਾਅ ਜਾਂ ਭੈਅ ਮੁਕਤ ਹੋ ਕੇ ਆਪਣੀ ਵੋਟ ਪਾ ਸਕੇ। ਉਨ੍ਹਾਂ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਡਰੋਨਾਂ ਦੀ ਵਰਤੋਂ ਕਰਨ ਅਤੇ ਪੋਲਿੰਗ ਸਟੇਸ਼ਨਾਂ ਦੇ ਅੰਦਰ ‘ਨੋ ਮੋਬਾਈਲ ਫੋਨ’ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਨ ‘ਤੇ ਵੀ ਜ਼ੋਰ ਦਿੱਤਾ।

ਇਸ ਤੋਂ ਇਲਾਵਾ, ਮਿਸ਼ਰਾ ਨੇ ਚੋਣ ਜ਼ਾਬਤੇ ਨੂੰ ਲਾਗੂ ਕਰਨ, ਫਲਾਇੰਗ ਦੇ ਕੰਮਕਾਜ, ਸਥਿਰ ਨਿਗਰਾਨੀ, ਵੀਡੀਓ ਨਿਗਰਾਨੀ ਦਸਤੇ ਅਤੇ ਚੋਣਾਂ ਦੌਰਾਨ ਸ਼ਰਾਬ ਅਤੇ ਨਕਦੀ ਦੀ ਵਰਤੋਂ ਦੀ ਨਿਗਰਾਨੀ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਸ਼ਰਾਬ ਵਿਕਰੇਤਾਵਾਂ ਦੀ ਨਿਗਰਾਨੀ ਦੇ ਨਾਲ-ਨਾਲ ਵਾਹਨਾਂ ਦੀ ਚੈਕਿੰਗ ਵਿੱਚ ਢੁਕਵੇਂ ਅਮਲ ਨੂੰ ਯਕੀਨੀ ਬਣਾਉਣ ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਮਿਸ਼ਰਾ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਦੇ ਉਪਾਵਾਂ ਅਤੇ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਮੁਹੱਈਆ ਕਰਵਾਈਆਂ ਗਈਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਮਿਸ਼ਰਾ ਨੂੰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਰੈਂਪ, ਬਿਜਲੀ, ਪੀਣ ਵਾਲੇ ਪਾਣੀ, ਫਰਨੀਚਰ, ਛਾਂਦਾਰ ਵੇਟਿੰਗ ਏਰੀਆ, ਪਖਾਨੇ ਅਤੇ ਵ੍ਹੀਲਚੇਅਰ ਆਦਿ ਦੇ ਪ੍ਰਬੰਧ ਕੀਤੇ ਹਨ। ਇਸ ਤੋਂ ਇਲਾਵਾ ਅੱਤ ਦੀ ਗਰਮੀ ਕਾਰਨ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਮਿੱਠਾ ਪਾਣੀ, ਕੂਲਰ ਅਤੇ ਵਾਧੂ ਪੱਖੇ ਮੁਹੱਈਆ ਕਰਵਾਏ ਜਾਣਗੇ।

 

———-