ਸਾਬਕਾ ਮੰਤਰੀ ਨੇ ਆਪਣੀ ਪਤਨੀ ਨੂੰ ਵਾਲਾਂ ਤੋਂ ਘਸੀਟਦੇ ਰੈਸਟੋਰੈਂਟ ‘ਚ ਅੱਠ ਘੰਟੇ ਕੁੱਟਿਆ, ਹੋਈ ਮੌਤ, ਵੀਡੀਓ ਵਾਇਰਲ।
4 ਮਈ 2024
ਕਜ਼ਾਕਿਸਤਾਨ ਦੇ ਸਾਬਕਾ ਮੰਤਰੀ ਕੁਆਂਦਿਕ ਬਿਸ਼ਿਮਬਾਏਵ ‘ਤੇ ਆਪਣੀ ਪਤਨੀ ਨੂੰ ਕੁੱਟਣ ਅਤੇ ਕਤਲ ਕਰਨ ਦਾ ਦੋਸ਼ ਹੈ। ਰਿਪੋਰਟ ਮੁਤਾਬਕ ਨਵੰਬਰ 2023 ‘ਚ ਸਾਬਕਾ ਮੰਤਰੀ ਆਪਣੀ ਪਤਨੀ ਨੂੰ ਵਾਲਾਂ ਤੋਂ ਘਸੀਟਦਾ ਰੈਸਟੋਰੈਂਟ ‘ਚ ਅੱਠ ਘੰਟੇ ਤੱਕ ਉਸ ਨੂੰ ਕੁੱਟਦਾ ਰਿਹਾ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਸੀ। ਇਸ ਹਮਲੇ ਅਤੇ ਉਸ ਦੇ ਪਤੀ ਵੱਲੋਂ ਕੀਤੀ ਕੁੱਟਮਾਰ ਦੇ ਕੁਝ ਘੰਟਿਆਂ ਬਾਅਦ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਔਰਤ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪਿਛਲੇ ਮਹੀਨੇ 43 ਸਾਲਾ ਸਾਬਕਾ ਵਿੱਤ ਮੰਤਰੀ ਕੁਆਂਦਿਕ ਬਿਸ਼ਿਮਬਾਏਵ ‘ਤੇ ਉਨ੍ਹਾਂ ਦੀ ਪਤਨੀ 31 ਸਾਲਾ ਸਲਤਨਤ ਨੁਕੇਨੋਵਾ ਦੀ ਹੱਤਿਆ ਦਾ ਮੁਕੱਦਮਾ ਚਲਾਇਆ ਗਿਆ ਸੀ।
ਕਜ਼ਾਕਿਸਤਾਨ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਬੂਤ ਵਜੋਂ ਦਿਖਾਈ ਗਈ। ਮਿਰਰ ਔਨਲਾਈਨ ਦੀ ਰਿਪੋਰਟ ਦੇ ਅਨੁਸਾਰ, ਕਜ਼ਾਕਿਸਤਾਨ ਵਿੱਚ ਇਹ ਪਹਿਲਾ ਅਜਿਹਾ ਮਾਮਲਾ ਹੈ ਜਿਸਦੀ ਆਨਲਾਈਨ ਸੁਣਵਾਈ ਹੋਈ ਹੈ।
ਸੀਸੀਟੀਵੀ ਫੁਟੇਜ ਵਿੱਚ ਸਾਬਕਾ ਮੰਤਰੀ ਕੋਟ ਅਤੇ ਜੁੱਤੀ ਪਹਿਨੀ ਔਰਤ ਨੂੰ ਘਸੀਟਦੇ ਹੋਏ ਅਤੇ ਫਿਰ ਉਸ ਨੂੰ ਇੱਕ ਕੋਨੇ ਵਿੱਚ ਧੱਕਦੇ ਹੋਏ ਦੇਖਿਆ ਗਿਆ। ਇਸ ਤੋਂ ਬਾਅਦ ਸਾਬਕਾ ਮੰਤਰੀ ਨੇ ਉੱਥੇ ਉਸ ਦੀ ਕੁੱਟਮਾਰ ਕੀਤੀ ਅਤੇ ਲੱਤਾਂ ਮਾਰੀਆਂ।ਘਟਨਾ ਦੇ 12 ਘੰਟੇ ਬਾਅਦ ਐਂਬੂਲੈਂਸ ਉੱਥੇ ਪਹੁੰਚੀ ਅਤੇ ਉਸ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ।
ਰਿਪੋਰਟ ‘ਚ ਨੁਕੇਨੋਵਾ ਦੀ ਮੌਤ ਦਾ ਕਾਰਨ ਸਿਰ ‘ਚ ਗੰਭੀਰ ਸੱਟ ਕਾਰਨ ਬ੍ਰੇਨ ਹੈਮਰੇਜ ਦੱਸਿਆ ਗਿਆ ਹੈ। ਕੁੱਟਮਾਰ ਕਾਰਨ ਉਸ ਦੇ ਨੱਕ ਦੀ ਹੱਡੀ ਵੀ ਟੁੱਟ ਗਈ। ਹਾਲਾਂਕਿ, ਇਸ ਮਾਮਲੇ ਵਿੱਚ ਸਾਬਕਾ ਮੰਤਰੀ ਬਿਸ਼ਿਮਬਾਏਵ ਨੇ ਆਪਣੇ ਆਪ ਨੂੰ ਬੇਕਸੂਰ ਕਰਾਰ ਦਿੱਤਾ ਅਤੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਨੁਕੇਨੋਵਾ ਦੀ ਮੌਤ ਆਤਮਘਾਤੀ ਸੱਟਾਂ ਕਾਰਨ ਹੋਈ ਹੈ।
15 ਅਪ੍ਰੈਲ ਨੂੰ, ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਾਯੇਵ ਨੇ “ਸੋਲਟਨਟ ਲਾਅ” ਨਾਮਕ ਇੱਕ ਬਿੱਲ ‘ਤੇ ਹਸਤਾਖਰ ਕੀਤੇ, ਜੋ ਪਤੀ-ਪਤਨੀ ਨਾਲ ਦੁਰਵਿਵਹਾਰ ਦੇ ਕਾਨੂੰਨਾਂ ਨੂੰ ਸਖ਼ਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਛੇ ਵਿੱਚੋਂ ਇੱਕ ਕਜ਼ਾਖ ਔਰਤ ਨੂੰ ਇੱਕ ਪੁਰਸ਼ ਸਾਥੀ ਦੇ ਹੱਥੋਂ ਹਿੰਸਾ ਦਾ ਅਨੁਭਵ ਹੁੰਦਾ ਹੈ।