“ਧੰਨ ਸੁ ਵੰਸ ਧੰਨ ਸੁ ਪਿਤਾ ਧੰਨ ਸੁ ਮਾਤਾ ਜਿਨ ਜਨ ਜਣੇ।।” ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆ ਹੋਣ ਜੀ….ਆਓ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਖੇਪ ਇਤਿਹਾਸ ਨਾਲ ਆਪ ਜੁੜੀਏ ਅਤੇ ਹੋਰਨਾਂ ਨੂੰ ਵੀ ਜੋੜੀਏ…..
29 ਅਪ੍ਰੈਲ 2024
ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਹਨ।ਉਹਨਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਤੇਗ ਬਹਾਦਰ ਜੀ ਦਾ ਜਨਮ 12 ਅਪ੍ਰੈਲ 1621 ਈਸਵੀ ਨੂੰ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਘਰ ਮਾਤਾ ਨਾਨਕੀ ਜੀ ਦੇ ਕੁੱਖੋ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੇ ਬਚਪਨ ਦਾ ਨਾਂ ਤਿਆਗ ਮਲ ਸੀ ।ਜੰਗਾਂ ਯੁੱਧਾਂ ਵਿੱਚ ਅਤੇ ਦੇਗ ਤੇਗ ਵਿੱਚ ਜੌਹਰ ਦਿਖਾਉਣ ਕਰਕੇ ਆਪ ਜੀ ਦਾ ਨਾਂ ਤਿਆਗ ਮਲ ਤੋਂ ਤੇਗ ਬਹਾਦਰ ਹੋ ਗਿਆ। ਆਪ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ ਜਿਨਾਂ ਦੇ ਕੁੱਖੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਬਾਦਸ਼ਾਹ ਔਰੰਗਜ਼ੇਬ ਦੀ ਹਕੂਮਤ ਸੀ ।ਔਰੰਗਜ਼ੇਬ ਮੁਗਲ ਸਮਰਾਜ ਦਾ ਸਭ ਜਾਲਮ ਬਾਦਸ਼ਾਹ ਸੀ ।ਚਾਰੋ ਦਿਸ਼ਾ ਹਾਹਾਕਾਰ ਮਚੀ ਹੋਈ ਸੀ। ਔਰੰਗਜ਼ੇਬ ਇੱਕ ਕੱਟੜ ਮੁਸਲਮਾਨ ਸੀ ਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਂਦਾ ਸੀ। ਉਸ ਦੀ ਸੋਚ ਮੁਤਾਬਕ ਕਸ਼ਮੀਰੀ ਪੰਡਿਤ ਜੋ ਕਿ ਵਿਦਵਾਨ ਅਤੇ ਹਿੰਦੂ ਧਰਮ ਦੇ ਨੁਮਾਇੰਦੇ ਸਨ ਉਹਨਾਂ ਨੂੰ ਮੁਸਲਮਾਨ ਬਣਾ ਲਿਆ ਜਾਵੇ ਤਾਂ ਪੂਰੇ ਹਿੰਦੂ ਧਰਮ ਨੂੰ ਮੁਸਲਮਾਨ ਬਣਾਇਆ ਜਾ ਸਕਦਾ ਹੈ। ਇਸ ਸੋਚ ਨੂੰ ਲੈ ਕੇ ਉਹਨਾਂ ਨੇ ਕਸ਼ਮੀਰੀ ਪੰਡਤਾਂ ਤੇ ਅੱਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ।
ਔਰੰਗਜ਼ੇਬ ਦੇ ਅੱਤਿਆਚਾਰ ਤੋਂ ਸਤਾਏ ਕਸ਼ਮੀਰੀ ਪੰਡਤ ਆਪਣੇ ਹਿੰਦੂ ਧਰਮ ਦੇ ਬਚਾਅ ਕਰਨ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਅਨੰਦਪੁਰ ਵਿਖੇ ਫਰਿਆਦ ਲੈ ਕੇ ਆਏ। ਗੁਰੂ ਜੀ ਨੇ ਉਹਨਾਂ ਦੀ ਫਰਿਆਦ ਸੁਣਦਿਆਂ ਕਿਹਾ ਕਿ ਇਸ ਸੰਕਟ ਵਿੱਚ ਲੋਕਾਂ ਦਾ ਬਚਾਅ ਕਰਨ ਲਈ ਕਿਸੇ ਨਾ ਕਿਸੇ ਮਹਾਂਪੁਰਖ ਨੂੰ ਸ਼ਹਾਦਤ ਦੇਣੀ ਪਵੇਗੀ ਤਾਂ ਉਹਨਾਂ ਦੇ ਕੋਲ ਖੜੇ ਨੌ ਸਾਲ ਦੇ ਗੋਬਿੰਦ ਰਾਏ ਨੇ ਕਿਹਾ ਕਿ ਉਹਨਾਂ ਤੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ। ਸਪੁੱਤਰ ਗੋਬਿੰਦ ਰਾਏ ਦੇ ਇਨਾਂ ਸ਼ਬਦਾਂ ਨੂੰ ਸੁਣਦਿਆਂ ਹੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਉਹ ਔਰੰਗਜ਼ੇਬ ਨੂੰ ਕਹੋ ਕਿ ਜੇ ਉਹ ਸਾਡੇ ਗੁਰੂ ਨੂੰ ਮੁਸਲਮਾਨ ਬਣਾ ਲੈਣ ਤਾਂ ਕਸ਼ਮੀਰੀ ਪੰਡਿਤ ਆਪ ਹੀ ਇਸਲਾਮ ਕਬੂਲ ਕਰ ਲੈਣਗੇ। ਔਰੰਗਜ਼ੇਬ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ। ਗੁਰੂ ਜੀ ਨੇ ਆਪ ਹੀ ਆਪਣੀ ਗ੍ਰਿਫਤਾਰੀ ਦੇ ਦਿੱਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਿੰਨ ਸਿੱਖਾਂ ਸਮੇਤ ਦਿੱਲੀ ਲਿਆਂਦਾ ਗਿਆ ਜਿੱਥੇ ਔਰੰਗਜ਼ੇਬ ਦੇ ਹੁਕਮ ਮੁਤਾਬਕ ਸ਼ਾਹੀ ਕਾਜ਼ੀ ਨੇ ਗੁਰੂ ਜੀ ਨੂੰ ਕੋਈ ਕਰਾਮਾਤ ਕਰਕੇ ਦਿਖਾਉਣ ਜਾਂ ਇਸਲਾਮ ਧਰਮ ਕਬੂਲ ਕਰਨ ਦੀ ਹਦਾਇਤ ਦਿੱਤੀ ਤਾਂ ਗੁਰੂ ਸਾਹਿਬ ਜੀ ਨੇ ਇਨਾਂ ਹਦਾਇਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਡਰਾਉਣ ਤੇ ਇਸਲਾਮ ਧਰਮ ਕਬੂਲ ਕਰਵਾਉਣ ਦੇ ਲਈ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਜਿਉਦਿਆ ਹੀ ਉਬਾਲ ਦਿੱਤਾ ਗਿਆ ਤੇ ਭਾਈ ਸਤੀ ਦਾਸ ਜੀ ਨੂੰ ਉਹਨਾਂ ਦੇ ਸਰੀਰ ਨੂੰ ਰੂੰ ਵਿੱਚ ਲਪੇਟ ਕੇ ਉਹਨਾਂ ਨੂੰ ਜਿਉਂਦਿਆਂ ਹੀ ਅੱਗ ਲਗਾ ਕੇ ਸ਼ਹੀਦ ਕੀਤਾ ਗਿਆ। ਪਰ ਗੁਰੂ ਸਿੱਖਾਂ ਨੇ ਆਪਣੇ ਸਿਦਕ ਦੀ ਲਾਜ ਰੱਖਦੇ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਸਿੱਖਾਂ ਦੇ ਇੰਨੇ ਭਿਆਨਕ ਅੰਤ ਵੀ ਗੁਰੂ ਜੀ ਨੂੰ ਕਿੱਥੋਂ ਡੁਲਾ ਸਕਦੇ ਸਨ।ਗੁਰੂ ਜੀ ਦੇ ਦ੍ਰਿੜ ਇਰਾਦਿਆ ਨੂੰ ਦੇਖਦਿਆਂ ਜਾਲਮ ਨੇ ਗੁਰੂ ਸਾਹਿਬ ਜੀ ਨੂੰ ਦਿਨ ਦਿਹਾੜੇ ਲੋਕਾਂ ਦੀ ਭੀੜ ਵਿੱਚ ਲਿਆ ਕੇ ਚਾਂਦਨੀ ਚੌਂਕ ਵਿਖੇ ਸਿਰ ਧੜ ਨਾਲੋ ਅਲੱਗ ਕਰਕੇ ਸ਼ਹੀਦ ਕਰ ਦਿੱਤਾ।
ਧਰਮ ਹੇਤ ਸਕਾ ਜਿਨਿ ਕੀਆ,ਸੀਸ ਦੀਆਂ ਪਰ ਸਿਰਰ੍ ਨਾ ਦੀਆ।
ਸਾਹਿਬ ਸ਼੍ਰੀ ਗੁਰੂ ਜੀ ਦੇ ਪਵਿਤਰ ਧੜ ਦਾ ਸਸਕਾਰ ਲਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਵਿੱਚ ਸਾਰੇ ਸਮਾਨ ਸਮੇਤ ਅੱਗ ਲਗਾ ਕੇ ਕਰ ਦਿੱਤਾ ।ਜਿੱਥੇ ਹੁਣ ਗੁਰਦੁਆਰਾ ਰਕਾਬ ਗੰਜ ਸੁਸ਼ੋਭਿਤ ਹੈ ਗੁਰੂ ਜੀ ਦਾ ਪਵਿੱਤਰ ਸੀਸ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਵਿਖੇ ਲੈ ਪੁੱਜੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਰੰਗ ਰੇਟਾ ਗੁਰੂ ਦਾ ਬੇਟਾ ਕਹਿ ਕੇ ਗਲੇ ਲਗਾ ਲਿਆ ਅਤੇ ਗੁਰੂ ਜੀ ਦੇ ਪਵਿੱਤਰ ਸੀਸ ਦਾ ਸਸਕਾਰ ਕੀਤਾ ਗਿਆ ਉੱਥੇ ਅੱਜ ਸੀਸਗੰਜ ਗੁਰਦੁਆਰਾ ਸੁਸ਼ੋਭਿਤ ਹੈ।