ਦਿੱਲੀ ਏਅਰਪੋਰਟ ‘ਤੇ ਫੜਿਆ ਗਿਆ ਫਰਜ਼ੀ ਪਾਇਲਟ, ਪਹਿਨੀ ਸੀ ਸਿੰਗਾਪੁਰ ਏਅਰਲਾਈਨਜ਼ ਦੀ ਵਰਦੀ, ਸੀਆਈਐਸਐਫ ਨੇ ਕੀਤਾ ਗ੍ਰਿਫ਼ਤਾਰ।
ਦਿੱਲੀ ਨਿਊਜ਼: 26 ਅਪ੍ਰੈਲ 2024
ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਫਰਜ਼ੀ ਪਾਇਲਟ ਫੜਿਆ ਗਿਆ ਹੈ। ਉਸ ਦੀ ਪਛਾਣ 24 ਸਾਲਾ ਸੰਗੀਤ ਸਿੰਘ ਵਾਸੀ ਗੌਤਮ ਬੁੱਧ ਨਗਰ ਵਜੋਂ ਹੋਈ ਹੈ। ਮੁਲਜ਼ਮ ਸਿੰਗਾਪੁਰ ਏਅਰਲਾਈਨਜ਼ ਦੇ ਪਾਇਲਟ ਦੀ ਵਰਦੀ ਪਾ ਕੇ ਘੁੰਮ ਰਿਹਾ ਸੀ। ਜਦੋਂ ਅਧਿਕਾਰੀਆਂ ਨੂੰ ਕਿਸੇ ਚੀਜ਼ ‘ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ। ਸੀਆਈਐਸਐਫ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ 25 ਅਪ੍ਰੈਲ ਨੂੰ ਪਾਇਲਟ ਦੀ ਵਰਦੀ ‘ਚ ਇਕ ਵਿਅਕਤੀ ਨੂੰ ਏਅਰਪੋਰਟ ਸਕਾਈਵਾਕ ਨੇੜੇ ਸੈਰ ਕਰਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਸਿੰਗਾਪੁਰ ਏਅਰਲਾਈਨਜ਼ ‘ਚ ਪਾਇਲਟ ਹੈ। ਉਸ ਦੇ ਗਲੇ ਵਿੱਚ ਇੱਕ ਪਛਾਣ ਪੱਤਰ ਵੀ ਲਟਕਿਆ ਹੋਇਆ ਸੀ। ਮੁਲਜ਼ਮ ਨੇ ਬਿਜ਼ਨੈੱਸ ਕਾਰਡ ਮੇਕਰ ਐਪ ਰਾਹੀਂ ਸਿੰਗਾਪੁਰ ਏਅਰਲਾਈਨਜ਼ ਦੇ ਪਾਇਲਟ ਦਾ ਫਰਜ਼ੀ ਆਈਡੀ ਕਾਰਡ ਬਣਾਇਆ ਸੀ। ਇਸ ਤੋਂ ਬਾਅਦ ਉਸ ਨੇ ਦਵਾਰਕਾ ਇਲਾਕੇ ਤੋਂ ਪਾਇਲਟ ਦੀ ਵਰਦੀ ਖਰੀਦੀ ਸੀ।
ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਮੁਲਜ਼ਮ ਸੰਗੀਤ ਸਿੰਘ ਨੇ ਸਾਲ 2020 ਵਿੱਚ ਮੁੰਬਈ ਤੋਂ 1 ਸਾਲ ਦਾ ਏਵੀਏਸ਼ਨ ਹਾਸਪਿਟੈਲਿਟੀ ਕੋਰਸ ਕੀਤਾ ਸੀ।ਉਹ ਆਪਣੇ ਪਰਿਵਾਰ ਨਾਲ ਵੀ ਝੂਠ ਬੋਲਦਾ ਰਿਹਾ। ਉਹ ਆਪਣੇ ਪਰਿਵਾਰ ਨੂੰ ਦੱਸਦਾ ਰਿਹਾ ਕਿ ਉਹ ਪਾਇਲਟ ਹੈ। ਫਿਲਹਾਲ CISF ਨੇ ਫਰਜ਼ੀ ਪਾਇਲਟ ਨੂੰ ਫੜ ਕੇ ਦਿੱਲੀ ਪੁਲਸ ਦੇ ਹਵਾਲੇ ਕਰ ਦਿੱਤਾ।ਦਿੱਲੀ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।