ਉਦਯੋਗਾਂ ਨੂੰ ਵਾਇਰਸ ਮੁਕਤ ਕਰਨ ਲਈ ਹੋਵੇਗਾ ਸਪਰੇ – ਚੇਅਰਮੈਨ ਗੋਗੀ ਨੇ ਦਿੱਤਾ 16000 ਲੀਟਰ ਘੋਲ , ਚੈਂਬਰ ਕਰੇਗਾ ਸਪਰੇ – ਅਹੂਜਾ
ਨਿਊਜ਼ ਪੰਜਾਬ
ਲੁਧਿਆਣਾ , 16 ਅਪ੍ਰੈਲ – ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਉਦਯੋਗਿਕ ਫ਼ੋਕਲ ਪੁਆਇੰਟ ਵਿਚਲੇ ਸਨਅਤੀ ਅਦਾਰਿਆਂ ਨੂੰ ਵਾਇਰਸ ਮੁਕਤ ਕਰਨ ਲਈ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਅਤੇ ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਇੱਕ ਸਾਂਝੀ ਮੁਹਿੰਮ ਸ਼ੁਰੂ ਕਰੇਗਾ | ਇਹ ਐਲਾਨ ਅੱਜ ਇਥੇ ਨਿਗਮ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਗੋਗੀ ਅਤੇ ਚੈਂਬਰ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਨੇ ਕੀਤਾ | ਇਸ ਸਬੰਧੀ ਚੇਅਰਮੈਨ ਸ਼੍ਰੀ ਗੋਗੀ ਨੇ 16000 ਲੀਟਰ ਸੋਡੀਅਮ ਹਾਈਪੋ ਕਲੋਰਾਈਟ ਦਾ ਘੋਲ ਸਪਰੇ ਕਰਨ ਵਾਸਤੇ ਦਿੱਤਾ ਹੈ | ਪ੍ਰਧਾਨ ਸ੍ਰ.ਅਹੂਜਾ ਨੇ ‘ ਨਿਊਜ਼ ਪੰਜਾਬ ‘ ਨਾਲ ਗੱਲ ਕਰਦਿਆਂ ਕਿਹਾ ਕਿ ਚੈਂਬਰ ਵਲੋਂ 8 ਲੱਖ ਰੁਪਏ ਦੀ ਲਾਗਤ ਨਾਲ ਇੱਕ ਸਪਰੇ ਕਰਨ ਵਾਲੀ ਵਿਸ਼ੇਸ਼ ਮਸ਼ੀਨ ਖਰੀਦੀ ਜਾ ਰਹੀ ਹੈ ਜਿਸ ਨਾਲ ਫੈਕਟਰੀਆਂ ਚਲਣ ਤੋਂ ਪਹਿਲਾ ਸਪਰੇ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਨਿਯਮਾਂ ਅਨੁਸਾਰ ਜੇ ਕਿਸੇ ਵੀ ਫੈਕਟਰੀ ਵਿੱਚ ਇੱਕ ਮਜ਼ਦੂਰ ਵੀ ਪੋਜ਼ੀਟਿਵ ਪਾਇਆ ਗਿਆ ਤਾ ਮਾਲਕ , ਪ੍ਰਬੰਧਕਾਂ ਦੇ ਸਮੇਤ ਸਾਰੇ ਫੈਕਟਰੀ ਵਰਕਰਾਂ ਨੂੰ 14 ਦਿਨ ਲਈ ਇਕਾਂਤਵਾਸ ਰਹਿਣਾ ਪਵੇਗਾ | ਜਿਸ ਕਾਰਨ ਸਪਰੇ ਕਰਨ ਦੀ ਨੀਤੀ ਬਣਾਈ ਗਈ ਹੈ , ਉਨ੍ਹਾਂ ਕਿਹਾ ਕਿ ਫੈਕਟਰੀਆਂ ਲਈ ਬਚਾਓ ਵਾਸਤੇ ਇੱਕ ਬਲਿਊ ਪ੍ਰਿੰਟ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਫੈਕਟਰੀ ਤੋਂ ਬਾਹਰੋਂ ਆਉਣ ਵਾਲਿਆਂ ਅਤੇ ਫੈਕਟਰੀ ਦੇ ਵਰਕਰਾਂ ਵਿਚਲੀ ਦੂਰੀ ਅਤੇ ਸੁਰਖਿਆ ਨਾਲ ਕੰਮ ਕਰਨ ਦੇ ਢੰਗ ਦੱਸੇ ਜਾਣਗੇ | ਉਨ੍ਹਾਂ ਕਿਹਾ ਕਿ 20 ਅਪ੍ਰੈਲ ਤੋਂ ਉਨ੍ਹਾਂ ਉਦਯੋਗਿਕ ਇਕਾਈਆਂ ਨੂੰ ਚਲਾਇਆ ਜਾਵੇਗਾ ਜਿਨ੍ਹਾਂ ਦੀ ਸਰਕਾਰ ਵਲੋਂ ਇਜ਼ਾਜ਼ਤ ਮਿਲੇਗੀ | ਸ੍ਰ. ਅਹੂਜਾ ਅਨੁਸਾਰ ਫੈਕਟਰੀਆਂ ਖੁੱਲ੍ਹਣ ਤੋਂ ਬਾਅਦ ਸੁਰਖਿਆ ਪੱਖੋਂ ਵਧੇਰੇ ਸਖਤ ਪ੍ਰਬੰਧ ਕਰਨੇ ਪੈਣਗੇ |