ਬੀਜੇਪੀ ਨੇ 9 ਉਮੀਦਵਾਰਾਂ ਦੀ ਦਸਵੀਂ ਲਿਸਟ ਜਾਰੀ ਕੀਤੀ ਜਿਨ੍ਹਾਂ ਵਿਚੋਂ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਵੀ ਐਲਾਨ ਹੋਇਆ।
10 ਅਪ੍ਰੈਲ 2024
ਭਾਰਤੀ ਜਨਤਾ ਪਾਰਟੀ ਨੇ ਅੱਜ 2024 ਦੀਆਂ ਲੋਕ ਸਭਾ ਚੋਣਾਂ ਲਈ ਆਪਣੀ 10ਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਕੁੱਲ ਨੌਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਉਮੀਦਵਾਰਾਂ ਵਿੱਚ ਯੂਪੀ ਤੋਂ ਸਭ ਤੋਂ ਵੱਧ ਸੱਤ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।ਬਾਕੀ ਦੋ ਉਮੀਦਵਾਰ ਪੱਛਮੀ ਬੰਗਾਲ ਦੇ ਆਸਨਸੋਲ ਤੋਂ ਐਸਐਸ ਆਹਲੂਵਾਲੀਆ ਅਤੇ ਚੰਡੀਗੜ੍ਹ ਤੋਂ ਸੰਜੇ ਟੰਡਨ ਹਨ। ਸੂਚੀ ਮੁਤਾਬਕ ਮੈਨਪੁਰੀ ਤੋਂ ਜੈਵੀਰ ਸਿੰਘ, ਬਲੀਆ ਤੋਂ ਨੀਰਜ ਸ਼ੇਖਰ, ਮਛਲੀ ਸਿਟੀ ਤੋਂ ਬੀਪੀ ਸਰੋਜ, ਗਾਜ਼ੀਪੁਰ ਤੋਂ ਪਾਰਸ ਨਾਥ ਰਾਏ, ਕੌਸ਼ਾਂਬੀ ਤੋਂ ਵਿਨੋਦ ਸੋਨਕਰ, ਫੂਲਪੁਰ ਤੋਂ ਪ੍ਰਵੀਨ ਪਟੇਲ ਅਤੇ ਇਲਾਹਾਬਾਦ ਤੋਂ ਨੀਰਜ ਤ੍ਰਿਪਾਠੀ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ।
ਗਾਜ਼ੀਪੁਰ ਤੋਂ ਪਾਰਸ ਨਾਥ ਰਾਏ ਸੰਘ ਨਾਲ ਜੁੜੇ ਹੋਏ ਹਨ। ਹਾਲਾਂਕਿ ਉਨ੍ਹਾਂ ਨੇ ਕਦੇ ਚੋਣ ਨਹੀਂ ਲੜੀ ਪਰ ਉਨ੍ਹਾਂ ਨੂੰ ਮਨੋਜ ਸਿਨਹਾ ਦਾ ਕਰੀਬੀ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਪੁੱਤਰ ਆਸ਼ੂਤੋਸ਼ ਰਾਏ ਭਾਰਤੀ ਜਨਤਾ ਯੁਵਾ ਮੋਰਚਾ ਦੇ ਯੂਪੀ ਪ੍ਰਧਾਨ ਰਹਿ ਚੁੱਕੇ ਹਨ। ਫੂਲਪੁਰ ਤੋਂ ਭਾਜਪਾ ਵਿਧਾਇਕ ਪ੍ਰਵੀਨ ਪਟੇਲ ਨੂੰ ਟਿਕਟ ਮਿਲੀ ਹੈ, ਉਹ ਬਸਪਾ ਤੋਂ ਵੀ ਵਿਧਾਇਕ ਰਹਿ ਚੁੱਕੇ ਹਨ।
ਭਾਜਪਾ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ 9 ਨਾਵਾਂ ਦੀ ਸੂਚੀ ‘ਚੋਂ 4 ਲੋਕਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਉਮੀਦਵਾਰਾਂ ਦੀਆਂ ਟਿਕਟਾਂ ਰੱਦ ਹੋਈਆਂ ਹਨ, ਉਨ੍ਹਾਂ ਵਿੱਚ ਫੂਲਪੁਰ ਤੋਂ ਕੇਸਰੀ ਦੇਵੀ ਪਟੇਲ, ਇਲਾਹਾਬਾਦ ਤੋਂ ਰੀਟਾ ਬਹੁਗੁਣਾ ਜੋਸ਼ੀ, ਬਲੀਆ ਤੋਂ ਵਰਿੰਦਰ ਸਿੰਘ ਮਸਤ ਅਤੇ ਚੰਡੀਗੜ੍ਹ ਤੋਂ ਕਿਰਨ ਖੇਰ ਸ਼ਾਮਲ ਹਨ।