ਕਾਰਾ ਨਾਲ ਸਟੰਟ ਕਰ ਰਹੇ ਨੌਜਵਾਨਾਂ ਨੇਂ 3 ਭਾਜਪਾ ਨੇਤਾਵਾਂ ਨੂੰ ਮਾਰੀ ਟੱਕਰ,2 ਦੀ ਮੌਤ ਅਤੇ 1 ਜ਼ਖਮੀ
10 ਅਪ੍ਰੈਲ 2024
ਮੱਧ ਪ੍ਰਦੇਸ਼ ਦੇ ਗੁਨਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕਾਰ ਨੇ 3 ਭਾਜਪਾ ਨੇਤਾਵਾਂ ਨੂੰ ਟੱਕਰ ਮਾਰ ਦਿੱਤੀ ਹੈ। ਜਿਸ ਕਾਰਨ ਭਾਜਪਾ ਦੇ ਦੋ ਸੀਨੀਅਰ ਆਗੂਆਂ ਦੀ ਮੌਤ ਹੋ ਗਈ। ਹਾਦਸੇ ’ਚ ਜ਼ਖਮੀ ਹੋਏ ਤੀਜੇ ਭਾਜਪਾ ਨੇਤਾ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਭੋਪਾਲ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਦੋਸ਼ੀ ਨੌਜਵਾਨ ਸ਼ਰਾਬ ਦੇ ਨਸ਼ੇ ’ਚ ਕਾਰ ’ਚ ਸਟੰਟ ਕਰ ਰਹੇ ਸਨ। ਭਾਜਪਾ ਦੇ ਲੋਕ ਸਭਾ ਦਫਤਰ ਦੇ ਬਾਹਰ ਭਾਜਪਾ ਨੇਤਾ ਕਮਲੇਸ਼ ਯਾਦਵ, ਆਨੰਦ ਮਗਰਾਣਾ ਅਤੇ ਮਨੋਜ ਧਾਕੜ ਆਪਣੇ ਦੋਪਹੀਆ ਵਾਹਨਾਂ ’ਤੇ ਬੈਠੇ ਸਨ। ਉਦੋਂ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਸੇਡਾਨ (ਕਾਰ) ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ 200 ਮੀਟਰ ਤੱਕ ਛਾਲ ਮਾਰ ਕੇ ਦੋ ਟੁਕੜੇ ਹੋ ਗਿਆ। ਹਾਦਸੇ ’ਚ ਸਰਪੰਚ ਸੰਘ ਦੇ ਪ੍ਰਧਾਨ ਕਮਲੇਸ਼ ਯਾਦਵ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਭਾਜਪਾ ਦੇ ਜ਼ਿਲ੍ਹਾ ਮੰਤਰੀ ਆਨੰਦ ਮਗਰਾਣਾ ਦੀ ਇਲਾਜ ਦੌਰਾਨ ਮੌਤ ਹੋ ਗਈ। ਕਿਰਾੜ ਧਾਕੜ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਅਤੇ ਭਾਜਪਾ ਆਗੂ ਮਨੋਜ ਧਾਕੜ ਨੂੰ ਗੰਭੀਰ ਹਾਲਤ ਵਿੱਚ ਭੋਪਾਲ ਰੈਫ਼ਰ ਕਰ ਦਿੱਤਾ ।