ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਪੈਰਿਸ ੳਲੰਪਿਕ ਲਈ ਜਗ੍ਹਾ ਪੱਕੀ ਕੀਤੀ।

2 ਅਪ੍ਰੈਲ 2024

ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਅੱਜ ਇੱਥੇ ਆਈਡਬਲਿਊਐੱਫ ਵਿਸ਼ਵ ਕੱਪ ਵਿੱਚ ਔਰਤਾਂ ਦੇ 49 ਕਿਲੋ ਭਾਰ ਵਰਗ ਦੇ ਗਰੁੱਪ ਬੀ ਵਿੱਚ ਤੀਜਾ ਸਥਾਨ ਹਾਸਲ ਕਰ ਕੇ ਪੈਰਿਸ ਓਲੰਪਿਕ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸੱਟ ਕਾਰਨ ਛੇ ਮਹੀਨੇ ਬਾਅਦ ਵਾਪਸੀ ਕਰਨ ਵਾਲੀ ਮੀਰਾਬਾਈ ਨੇ ਕੁੱਲ 184 ਕਿਲੋ ਭਾਰ ਚੁੱਕਿਆ। ਇਹ ਪੈਰਿਸ ਓਲੰਪਿਕ ਲਈ ਆਖਰੀ ਅਤੇ ਲਾਜ਼ਮੀ ਕੁਆਲੀਫਾਇਰ ਟੂਰਨਾਮੈਂਟ ਹੈ। ਮੀਰਾਬਾਈ ਨੇ ਪੈਰਿਸ ਓਲੰਪਿਕ ਲਈ ਨਿਰਧਾਰਤ ਮਾਪਦੰਡ ਪੂਰਾ ਕਰ ਲਿਆ ਹੈ ਜਿਸ ਵਿੱਚ ਦੋ ਲਾਜ਼ਮੀ ਟੂਰਨਾਮੈਂਟਾਂ ਅਤੇ ਤਿੰਨ ਹੋਰ ਕੁਆਲੀਫਾਇਰ ਟੂਰਨਾਮੈਂਟਾਂ ਵਿੱਚ ਹਿੱਸਾ ਲੈਣਾ ਸ਼ਾਮਲ ਹੈ।

2017 ਦੀ ਵਿਸ਼ਵ ਚੈਂਪੀਅਨ ਮੀਰਾਬਾਈ ਇਸ ਵੇਲੇ ਮਹਿਲਾ 49 ਕਿਲੋ ਓਲੰਪਿਕ ਕੁਆਲੀਫਿਕੇਸ਼ਨ ਰੈਂਕਿੰਗ ਵਿੱਚ ਚੀਨ ਦੀ ਜੀਆਨ ਹੁਈਹੁਆ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਕੁਆਲੀਫਾਈ ਕਰਨ ਵਾਲੇ ਖਿਡਾਰੀਆਂ ਬਾਰੇ ਐਲਾਨ ਵਿਸ਼ਵ ਕੱਪ ਦੀ ਸਮਾਪਤੀ ਤੋਂ ਬਾਅਦ ਕੀਤਾ ਜਾਵੇਗਾ।