ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ ਨੂੰ ਸ਼ਰਾਬ ਘੁਟਾਲੇ ਵਿੱਚ ED ਦਾ ਸੰਮਨ ।
ਨਵੀਂ ਦਿੱਲੀ- 30 ਮਾਰਚ 2024
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਬਕਾਰੀ ਨੀਤੀ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਕੈਲਾਸ਼ ਗਹਿਲੋਤ ਨੂੰ ਸੰਮਨ ਭੇਜਿਆ ਹੈ। ਗਹਿਲੋਤ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਹਨ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 21 ਮਾਰਚ ਨੂੰ ਇਸੇ ਮਾਮਲੇ ਵਿੱਚ ਜਾਂਚ ਏਜੰਸੀ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਈਡੀ ਨੇ ਗਹਿਲੋਤ ਨੂੰ ਸੰਮਨ ਭੇਜੇ ਹਨ। ਈਡੀ ਨੇ ਕੈਲਾਸ਼ ਗਹਿਲੋਤ ਨੂੰ ਸੰਮਨ ਜਾਰੀ ਕਰਕੇ ਅੱਜ ਹੀ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਹੈ।
ਨਜਫਗੜ੍ਹ ਤੋਂ ਵਿਧਾਇਕ ਗਹਿਲੋਤ ਉਸ ਪੈਨਲ ਦਾ ਹਿੱਸਾ ਸਨ ਜਿਸ ਨੇ ਹੁਣ ਰੱਦ ਕੀਤੀ ਸ਼ਰਾਬ ਨੀਤੀ ਦਾ ਖਰੜਾ ਤਿਆਰ ਕੀਤਾ ਸੀ। ਸ਼ਰਾਬ ਨੀਤੀ ਮਾਮਲੇ ‘ਚ ਗ੍ਰਿਫਤਾਰ ਕੇਜਰੀਵਾਲ ਫਿਲਹਾਲ 2 ਅਪ੍ਰੈਲ ਤੱਕ ਈਡੀ ਦੀ ਹਿਰਾਸਤ ‘ਚ ਹਨ।ਇਸ ਮਾਮਲੇ ਵਿੱਚ ਸੀਐਮ ਕੇਜਰੀਵਾਲ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਾਬਕਾ ਮੰਤਰੀ ਸਤੇਂਦਰ ਜੈਨ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।