ਪੰਜਾਬ ਪੁਲਿਸ ਵੱਲੋਂ ਅਮਰੀਕਾ-ਅਧਾਰਤ ਪਵਿਤਰ-ਹੁਸਨਦੀਪ ਗੈਂਗ ਦੀ ਹਮਾਇਤ ਪ੍ਰਾਪਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼,ਪਿਸਤੌਲ, ਫਾਰਚੂਨਰ ਕਾਰ ਸਮੇਤ ਗੈਂਗ ਦੇ ਤਿੰਨ ਮੈਂਬਰ ਕਾਬੂ ।

ਚੰਡੀਗੜ੍ਹ:  29 ਮਾਰਚ 2024

ਪੰਜਾਬ ਪੁਲਿਸ ਦੇ ਐਸਐਸਓਸੀ ਮੋਹਾਲੀ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਅਮਰੀਕਾ-ਅਧਾਰਿਤ ਚੌੜਾ ਮਧਰੇ ਗੈਂਗ ਦੇ ਪਵਿਤਰ ਚੌੜਾ ਅਤੇ ਹੁਸਨਦੀਪ ਸਿੰਘ ਵੱਲੋਂ ਚਲਾਏ ਜਾ ਰਹੇ ਅਪਰਾਧਿਕ ਨੈਟਵਰਕ ਦੇ ਤਿੰਨ ਮੁੱਖ ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਉਨ੍ਹਾਂ ਕੋਲੋਂ .30 ਬੋਰ ਚੀਨੀ ਪਿਸਤੌਲ ਸਮੇਤ 15 ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਲਵਜੀਤ ਸਿੰਘ ਉਰਫ਼ ਲਵ ਖੱਖ ਵਾਸੀ ਪਿੰਡ ਖੱਖ ਤਰਨਤਾਰਨ, ਗੁਰਸੇਵਕ ਸਿੰਘ ਉਰਫ਼ ਬੰਬ ਵਾਸੀ ਗੋਇੰਦਵਾਲ ਸਾਹਿਬ ਅਤੇ ਬਹਾਦਰ ਖ਼ਾਨ ਉਰਫ਼ ਖ਼ਾਨ ਭਗੜਾਣਾ ਵਾਸੀ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੀ ਟੋਇਟਾ ਫਾਰਚੂਨਰ ਗੱਡੀ ਵੀ ਜ਼ਬਤ ਕਰ ਲਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਵਿਅਕਤੀ ਕਤਲ, ਇਰਾਦਾ ਕਤਲ, ਡਕੈਤੀ, ਅਸਲਾ ਐਕਟ, ਐਨਡੀਪੀਐਸ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਆਪਣੀ ਅਸਲ ਪਛਾਣ ਛੁਪਾ ਕੇ ਮੁਹਾਲੀ ਵਿੱਚ ਰਹਿ ਰਹੇ ਸਨ।

ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰੀ ਕੀਤੇ ਗਏ ਵਿਅਕਤੀ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਗੈਂਗਸਟਰ ਪਵਿੱਤਰ ਚੌੜਾ ਦੇ ਲਗਾਤਾਰ ਸੰਪਰਕ ਵਿੱਚ ਸਨ ਅਤੇ ਸਰਹੱਦੀ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਮਿੱਥ ਕੇ ਕਤਲ ਦੀ ਘਟਨਾਵਾਂ ਅਤੇ ਹੋਰ ਅਪਰਾਧਿਕ/ਗੈਂਗਸਟਰ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ।