ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਜੇ ਕਿਸਾਨ 30 ਅਪਰੈਲ ਤੋਂ ਬਾਅਦ ਮੰਡੀਆਂ ਵਿੱਚ ਕਣਕ ਲਿਆਉਣ ਤਾਂ 100 – 200 ਰੁਪਏ ਪ੍ਰਤੀ ਕੁਇੰਟਲ ਭਾਅ ਤੋਂ ਵਾਧੂ ਦਿਤੇ ਜਾਣ
ਨਿਊਜ਼ ਪੰਜਾਬ
ਚੰਡੀਗੜ੍ਹ, 14 ਅਪਰੈਲ – ਸੂਬੇ ਵਿੱਚ ਭਲਕੇ 15 ਅਪਰੈਲ ਤੋਂ ਸ਼ੁਰੂ ਹੋ ਰਹੇ ਕਣਕ ਦੀ ਵਾਢੀ ਅਤੇ ਖਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ 30 ਅਪਰੈਲ ਤੋਂ ਬਾਅਦ ਮੰਡੀਆਂ ਵਿਚ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਦੀ ਮੰਗ ਦੁਹਰਾਈ ਤਾਂ ਜੋ ਮੰਡੀਆਂ ਵਿੱਚ ਭੀੜ-ਭੜੱਕੇ ਨੂੰ ਰੋਕਿਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੂੰ 1 ਮਈ, 2020 ਤੋਂ ਬਾਅਦ ਮੰਡੀਆਂ ਵਿੱਚ ਕਣਕ ਲਿਆਉਣ ਵਾਲੇ ਕਿਸਾਨਾਂ ਲਈ ਐਮ.ਐਸ.ਪੀ. ਤੋਂ ਇਲਾਵਾ 100 ਰੁਪਏ ਪ੍ਰਤੀ ਕੁਇੰਟਲ ਅਤੇ 31 ਮਈ ਤੋਂ ਬਾਅਦ ਕਣਕ ਲਿਆਉਣ ਵਾਲਿਆਂ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਤੁਰੰਤ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਮੰਡੀ ਦੀਆਂ ਹਾਲਤਾਂ ਵਿੱਚ ਉਪਜ ਨੂੰ ਸੰਭਾਲਣ ਲਈ ਆਈ ਵਾਧੂ ਲਾਗਤ ਅਤੇ ਝਾੜ ਵਿੱਚ ਆਈ ਕਮੀ ਲਈ ਮੁਆਵਜ਼ਾ ਦਿੱਤਾ ਜਾ ਸਕੇ।
ਮੁੱਖ ਮੰਤਰੀ ਨੇ ਪੱਤਰ ਵਿੱਚ ਲਿਖਿਆ ਕਿ ਕੋਵਿਡ-19 ਨੂੰ ਰੋਕਣ ਦੇ ਮੱਦੇਨਜ਼ਰ ਬੋਨਸ ਦਾ ਭੁਗਤਾਨ ਕਰਨ ਦੀ ਲਾਗਤ ਸਿਹਤ ਦੇਖਭਾਲ ਦੀ ਲਾਗਤ ਦੇ ਨਤੀਜੇ ਵਜੋਂ ਖਰਚੀ ਜਾਵੇਗੀ ਜੋ ਇਸ ਮਾਰੂ ਵਾਇਰਸ ਦੇ ਫੈਲਣ ਦੀ ਸਥਿਤੀ ਵਿੱਚ ਭੁਗਤਣੀ ਪਵੇਗੀ।
ਕੈਪਟਨ ਅਮਰਿੰਦਰ ਨੇ ਦੱਸਿਆ ਕਿ ਦੇਸ਼ ਦੇ ਲੋੜੀਂਦੇ ਸਟਾਕਾ ਨੂੰ ਯਕੀਨੀ ਬਣਾਉਣ ਲਈ ਪੰਜਾਬ, ਕੇਂਦਰੀ ਪੂਲ ਲਈ ਖਰੀਦੀ ਗਈ ਕਣਕ ਦਾ ਲਗਭਗ 30-35 ਫੀਸਦੀ ਯੋਗਦਾਨ ਪਾ ਰਿਹਾ ਹੈ। ਸੂਬਾ ਨੂੰ ਹਾੜ੍ਹੀ 2019-20 ਦੌਰਾਨ ਲਗਭਗ 18.5 ਮਿਲੀਅਨ ਮੀਟਰਕ ਟਨ ਕਣਕ ਦੀ ਵਾਢੀ ਦੀ ਉਮੀਦ ਹੈ ਅਤੇ ਮਾਰਕੀਟ ਵਿੱਚ ਲਗਭਗ 13.5 ਮਿਲੀਅਨ ਮੀਟਰਕ ਟਨ ਆਮਦ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੇ ਸ੍ਰੀ ਮੋਦੀ ਨੂੰ ਅੱਗੇ ਦੱਸਿਆ ਕਿ ਕਣਕ ਦਾ ਆਮ ਮਾਰਕੀਟਿੰਗ ਸੀਜ਼ਨ 1 ਅਪ੍ਰੈਲ ਤੋਂ 31 ਮਈ ਤੱਕ ਹੈ, ਪਰ ਸੂਬੇ ਦੇ ਕੁਝ ਹਿੱਸਿਆਂ ਵਿੱਚ ਮਾਰਚ ਅਤੇ ਅਪ੍ਰੈਲ 2020 ਦੌਰਾਨ ਹੋਈ ਬੇਮੌਸਮੀ ਬਾਰਸ਼ ਅਤੇ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਤੋਂ ਇਲਾਵਾ ਕੋਵੀਡ -19 ਕਾਰਨ ਲਗਾਏ ਤਾਲਾਬੰਦੀ/ਕਰਫਿਊ ਕਾਰਨ ਸੂਬੇ ਨੇ ਕਣਕ ਦੀ ਵਾਢੀ ਵਿੱਚ ਦੇਰੀ ਹੋਈ ਹੈ। ਇਸ ਸਮੇਂ ਦੌਰਾਨ ਭਾਰੀ ਬਾਰਸ਼ ਅਤੇ ਗੜੇਮਾਰੀ ਦੇ ਨਤੀਜੇ ਵਜੋਂ ਕੁਝ ਇਲਾਕਿਆਂ ਵਿੱਚ ਕਣਕ ਦੀ ਫਸਲ ਪਾਣੀ ਨਾਲ ਭਰ ਗਈ ਸੀ। ਫਸਲਾਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਇਕੱਠਾ ਹੋਇਆ ਪਾਣੀ ਬਾਹਰ ਕੱਢਣ ਲਈ ਵਾਧੂ ਖਰਚਾ ਕਰਨਾ ਪਿਆ। ਇਸ ਤੋਂ ਇਲਾਵਾ, ਫਸਲਾਂ ਦੇ ਚਪਟੇ ਹੋਣ ਨਾਲ ਝਾੜ ਵਿਚ ਕਮੀ ਆਵੇਗੀ। ਉਹਨਾਂ ਕਿਹਾ ਕਿ ਵੱਧ ਖਰਚੇ, ਖੇਤਾਂ ਵਿੱਚੋਂ ਵਾਧੂ ਪਾਣੀ ਕੱਢਣ ‘ਤੇ ਹੋਏ ਖਰਚੇ ਅਤੇ ਪੱਕਣ ਵਾਲੀ ਫਸਲ ਦੇ ਨੁਕਸਾਨ ਨੇ ਸੂਬੇ ਦੇ ਮਿਹਨਤੀ ਕਿਸਾਨਾਂ ਨੂੰ ਚਿੰਤਾ ਵਿਚ ਪਾਇਆ ਹੈ।
ਕੈਪਟਨ ਅਮਰਿੰਦਰ ਨੇ ਅੱਗੇ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਖ਼ਤਰੇ ਦੇ ਮੱਦੇਨਜ਼ਰ ਸੂਬੇ ਵੱਲੋਂ ਕਣਕ ਦੀ ਖਰੀਦ ਲਈ ਪਹਿਲਾਂ ਤੋਂ ਹੀ ਵਿਆਪਕ ਪ੍ਰਬੰਧ ਕੀਤੇ ਗਏ ਹਨ। ਮੌਜੂਦਾ ਹਾੜੀ ਮਾਰਕੀਟਿੰਗ ਸੀਜ਼ਨ ਦੌਰਾਨ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਖਰੀਦ ਕੇਂਦਰਾਂ ਦੀ ਗਿਣਤੀ ਪਿਛਲੇ ਸਾਲ 1820 ਤੋਂ ਵਧਾ ਕੇ ਲਗਭਗ ਦੁੱਗਣੀ 3791 ਕੀਤੀ ਗਈ ਹੈ ਅਤੇ ਇਨ੍ਹਾਂ ਕੇਂਦਰਾਂ ਵਿੱਚ ਰੋਜ਼ਾਨਾ ਆਉਣ ਵਾਲੀ ਕਣਕ ਦੀ ਆਮਦ ਨੂੰ ਸੀਮਤ ਕਰਕੇ ਖਰੀਦ ਸੀਜ਼ਨ 30 ਜੂਨ ਤੱਕ ਵਧਾਉਣ ਦੀ ਯੋਜਨਾ ਬਣਾਈ ਗਈ ਹੈ। ਸੂਬੇ ਵਿੱਚ ਫੈਲੀ ਮਹਾਮਾਰੀ ਕਾਰਨ ਖੇਤੀ ਮਜ਼ਦੂਰਾਂ ਦੀ ਘਾਟ ਸਦਕਾ ਅਜਿਹਾ ਕਰਨ ਦੀ ਲੋੜ ਪਈ, ਜਿਸ ਵਿੱਚ ਵਾਢੀ ਤੋਂ ਬਾਅਦ ਘਰ ਵਿਚ ਉਤਾਰਨ ਦੇ ਨਾਲ-ਨਾਲ ਮਾਰਕੀਟਿੰਗ ਦੌਰਾਨ ਭੰਡਾਰਨ ਅਤੇ ਮੁੜ ਲੋਡਿੰਗ ਸਮੇਂ ਵੀ ਕਿਸਾਨਾਂ ਨੂੰ ਵਾਧੂ ਖਰਚਿਆਂ ਦਾ ਬੋਝ ਝੱਲਣਾ ਪੈਣਾ ਸੀ।
ਕੈਪਟਨ ਅਮਰਿੰਦਰ ਨੇ ਅੱਗੇ ਕਿਹਾ ਕਿ ਇਸ ਦੇ ਨਤੀਜੇ ਵਜੋਂ, ਕਿਸਾਨਾਂ ਨੂੰ ਮਹਾਮਾਰੀ ਫੈਲਣ ਕਾਰਨ ਮਾਰਕਟਿੰਗ ਦੇ ਪ੍ਰਬੰਧਨ ਦੇ ਨਾਲ-ਨਾਲ ਸਿਹਤ ਸੇਵਾਵਾਂ ਦੇ ਖ਼ਰਚੇ ਦੀ ਲਾਗਤ ਨੂੰ ਸਹਿਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ।