ਤਿੰਨ ਆਜ਼ਾਦ ਵਿਧਾਇਕਾਂ ਵੱਲੋ ਹਿਮਾਚਲ ਅਸੈਂਬਲੀ ਵਿੱਚੋ ਅਸਤੀਫ਼ਾ ਦਿੱਤਾ

ਸ਼ਿਮਲਾ, 22 ਮਾਰਚ 2024

ਰਾਜ ਸਭਾ ਚੋਣਾਂ ਵਿਚ ਭਾਜਪਾ ਉਮੀਦਵਾਰ ਦੇ ਹੱਕ ਵਿਚ ਵੋਟ ਪਾਉਣ ਵਾਲੇ ਤਿੰਨ ਆਜ਼ਾਦ ਵਿਧਾਇਕਾਂ ਨੇ ਅੱਜ ਹਿਮਾਚਲ ਪ੍ਰਦੇਸ਼ ਅਸੈਂਬਲੀ ਵਿਚੋਂ ਅਸਤੀਫ਼ਾ ਦੇ ਦਿੱਤਾ ਹੈ। ਵਿਧਾਇਕਾਂ ਨੇ ਆਪਣੇ ਅਸਤੀਫ਼ੇ ਅਸੈਂਬਲੀ ਸਕੱਤਰ ਕੋਲ ਜਮ੍ਹਾਂ ਕਰਵਾ ਦਿੱਤੇ ਹਨ। ਇਨ੍ਹਾਂ ਵਿਚੋਂ ਇਕ ਵਿਧਾਇਕ ਨੇ ਕਿਹਾ ਕਿ ਉਹ ਭਾਜਪਾ ਵਿਚ ਸ਼ਾਮਲ ਹੋਣਗੇ ਤੇ ਪਾਰਟੀ ਦੀ ਟਿਕਟ ’ਤੇ ਚੋਣ ਲੜਨਗੇ।

ਤਿੰਨ ਵਿਧਾਇਕਾਂ- ਆਸ਼ੀਸ਼ ਸ਼ਰਮਾ , ਹੁਸ਼ਿਆਰ ਸਿੰਘ ਤੇ ਕੇ.ਐੱਲ.ਠਾਕੁਰ  ਨੇ ਆਪਣੇ ਅਸਤੀਫ਼ੇ ਅਸੈਂਬਲੀ ਸਕੱਤਰ ਯਸ਼ ਪਾਲ ਸ਼ਰਮਾ ਨੂੰ ਸੌਂਪ ਦਿੱਤੇ। ਹੁਸ਼ਿਆਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਆਪਣੇ ਅਸਤੀਫ਼ੇ ਸੌਂਪ ਦਿੱਤੇ ਹਨ। ਅਸੀਂ ਭਾਜਪਾ ਵਿਚ ਸ਼ਾਮਲ ਹੋਵਾਂਗੇ ਤੇ ਪਾਰਟੀ ਦੀ ਟਿਕਟ ’ਤੇ ਚੋਣ ਲੜਾਂਗੇ। ਤਿੰਨੇ ਵਿਧਾਇਕਾਂ ਨੇ 2022 ਦੀਆਂ ਅਸੈਂਬਲੀ ਚੋਣਾਂ ਦੌਰਾਨ ਭਾਜਪਾ ਤੋਂ ਟਿਕਟ ਮੰਗੀ ਸੀ, ਪਰ ਇਨਕਾਰ ਕੀਤੇ ਜਾਣ ’ਤੇ ਉਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ। ਹਾਲਾਂਕਿ ਮਗਰੋਂ ਕਾਂਗਰਸ ਨੇ ਜਦੋਂ 40 ਵਿਧਾਇਕਾਂ ਨਾਲ ਸਰਕਾਰ ਬਣਾਈ ਤਾਂ ਤਿੰਨ ਆਜ਼ਾਦ ਵਿਧਾਇਕਾਂ ਨੇ ਸਰਕਾਰ ਦੀ ਹਮਾਇਤ ਕੀਤੀ

ਆਜ਼ਾਦ ਵਿਧਾਇਕਾਂ ਨੇ ਕਿਹਾ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਇੰਨਾ ਕੁ ਹੇਠਾਂ ਡਿੱਗ ਗਏ ਹਨ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਖਿਲਾਫ਼ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਪਿਛਲੇ ਮਹੀਨੇ ਹੋਈਆਂ ਰਾਜ ਸਭਾ ਚੋਣਾਂ ਦੌਰਾਨ ਤਿੰਨ ਆਜ਼ਾਦ ਵਿਧਾਇਕਾਂ ਤੇ ਕਾਂਗਰਸ ਦੇ 6 ਵਿਧਾਇਕਾਂ ਨੇ ਭਾਜਪਾ ਉਮੀਦਵਾਰ ਦੇ ਹੱਕ ਵਿਚ ਵੋਟ ਪਾਈ ਸੀ। ਬਜਟ ਦੌਰਾਨ ਪੇਸ਼ ਮਤਿਆਂ ਲਈ ਸੱਤਾਧਾਰੀ ਕਾਂਗਰਸ ਦੇ ਹੱਕ ਵਿਚ ਵੋਟ ਪਾਉਣ ਤੇ ਸਦਨ ਵਿਚ ਮੌਜੂਦਗੀ ਯਕੀਨੀ ਬਣਾਉਣ ਲਈ ਜਾਰੀ ਵ੍ਹਿਪ ਦੀ ਉਲੰਘਣਾ ਲਈ ਬਾਗ਼ੀ ਕਾਂਗਰਸੀ ਵਿਧਾਇਕਾਂ ਨੂੰ ਅਯੋਗ ਐਲਾਨ ਦਿੱਤਾ ਗਿਆ ਸੀ। ਭਾਰਤੀ ਚੋਣ ਕਮਿਸ਼ਨ ਨੇ ਕਾਂਗਰਸੀ ਵਿਧਾਇਕਾਂ ਨੂੰ ਅਯੋਗ ਐਲਾਨੇ ਜਾਣ ਕਰਕੇ ਖਾਲੀ ਹੋਈਆਂ ਛੇ ਅਸੈਂਬਲੀ ਸੀਟਾਂ ਲਈ ਜ਼ਿਮਨੀ ਚੋਣ ਸੂਬੇ ਦੀਆਂ ਚਾਰ ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਹੋਣ ਵਾਲੀ ਚੋਣ ਦੇ ਨਾਲ ਹੀ ਕਰਵਾਉਣ ਦਾ ਐਲਾਨ ਕੀਤਾ ਸੀ।