ਸਿੱਧੂ ਦੇ ਲੋਕ ਸਭਾ ਚੋਣਾਂ ਨਾ ਲੜਨ ਐਲਾਨ ਨੇ ਕਾਂਗਰਸ ਦੀਆਂ ਮੁਸ਼ਕਲਾਂ ਵਧਾਈਆ।
ਚੰਡੀਗੜ੍ਹ : 15 ਮਾਰਚ 2024
ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ। ਸਿੱਧੂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਲੋਕ ਸਭਾ ਜਾਣਾ ਹੁੰਦਾ ਤਾਂ ਕੁਰੂਕਸ਼ੇਤਰ ਤੋਂ ਚੋਣ ਨਾ ਲੜ ਲਈ ਹੁੰਦੀ। ਸਿੱਧੂ ਦਾ ਇਹ ਐਲਾਨ ਕਾਂਗਰਸ ਦੀਆਂ ਚਿੰਤਾਵਾਂ ਵਧਾਉਣ ਵਾਲਾ ਹੈ ਕਿਉਂਕਿ ਕਾਂਗਰਸ ਸਿੱਧੂ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਸੀ। ਕਿਉਂਕਿ ਸੂਬੇ ਦੇ ਕਾਂਗਰਸੀ ਆਗੂਆਂ ਨਾਲ ਸਿੱਧੂ ਦੇ ਸਬੰਧ ਚੰਗੇ ਨਹੀਂ ਹਨ। ਸੂਬਾ ਕਾਂਗਰਸ ਚਾਹੁੰਦੀ ਸੀ ਕਿ ਜੇਕਰ ਸਿੱਧੂ ਪਟਿਆਲਾ ਤੋਂ ਚੋਣ ਲੜਦੇ ਹਨ ਤਾਂ ਉਹ ਆਪਣੀ ਸੀਟ ‘ਤੇ ਹੀ ਫੋਕਸ ਕਰਨਗੇ।
ਸਿੱਧੂ ਦੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਨਹੀਂ ਬਣਦੀ।।ਜਲੰਧਰ ‘ਚ ਸੁਸ਼ੀਲ ਰਿੰਕੂ ਤੋਂ ਬਾਅਦ ਗੁਰਪ੍ਰੀਤ ਸਿੰਘ ਜੀਪੀ ਤੇ ਹੁਣ ਡਾ. ਰਾਜਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ। ਸਾਬਕਾ ਪ੍ਰਧਾਨ ਨੇ ਕਿਹਾ ਕਿ ਔਖੇ ਸਮੇਂ ‘ਚ ਹੀ ਵਿਅਕਤੀ ਦਾ ਕਿਰਦਾਰ ਸਾਹਮਣੇ ਆਉਂਦਾ ਹੈ | ਸਿੱਧੂ ਨੇ ਵੀ ਸ਼ਾਇਰਾਨਾ ਅੰਦਾਜ਼ ‘ਚ ਕਿਹਾ, ‘ਕੁਛ ਤੋ ਮਜਬੂਰੀਆਂ ਰਹੀ ਹੋਂਗੀ, ਚਾਹਕਰ ਤੋ ਕੋਈ ਬੇਵਫ਼ਾ ਨਹੀਂ ਹੋਤਾ।’