ਕਿਸਾਨ ਅੰਦੋਲਨ ਵਿੱਚ ਇੱਕ ਹੋਰ ਕਿਸਾਨ ਦੀ ਮੌਤ
ਖਨੌਰੀ ਬਾਰਡਰ ਨਿਊਜ਼ ,11 ਮਾਰਚ 2024
ਹਰਿਆਣਾ -ਪੰਜਾਬ ਦੇ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਖੜ੍ਹੇ ਹਨ। ਅੱਜ ਸੋਮਵਾਰ ਨੂੰ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਕਿਸਾਨ ਅੰਦੋਲਨ ਦੌਰਾਨ ਇਹ 9ਵੀਂ ਮੌਤ ਹੈ।ਅੱਜ 11 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 28ਵਾਂ ਦਿਨ ਹੈ।
ਕਿਸਾਨਾਂ ਅਨੁਸਾਰ ਕ੍ਰਾਂਤੀਕਾਰੀ ਆਗੂ ਬਲਦੇਵ ਸਿੰਘ ਕਾਂਗਥਲਾ ਪਿਛਲੇ ਕਈ ਦਿਨਾਂ ਤੋਂ ਖਨੌਰੀ ਸਰਹੱਦ ’ਤੇ ਸਨ। ਬਲਦੇਵ ਸਿੰਘ, ਜਿਸ ਨੂੰ ਸਾਹ ਦੀ ਤਕਲੀਫ਼ ਸੀ, ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਇਲਾਜ ਦੌਰਾਨ ਬਲਦੇਵ ਸਿੰਘ ਦੀ ਮੌਤ ਹੋ ਗਈ।
ਇਹ ਦੁਖਦਾਈ ਖ਼ਬਰ ਕੱਲ ਦੁਪਹਿਰ ਵੇਲੇ ਖਨੌਰੀ ਬਾਰਡਰ ’ਤੇ ਵਾਪਰੀ ਹੈ। ਅੱਜ ਸਵੇਰੇ ਕਰੀਬ 3 ਵਜੇ ਕਿਸਾਨ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ। ਜਾਣਕਾਰੀ ਅਨੁਸਾਰ ਕਿਸਾਨ ਦੇ ਸਿਰ ਤੇ 5 ਲੱਖ ਰੁਪਏ ਦਾ ਕਰਜ਼ਾ ਸੀ। ਕਿਸਾਨ ਡੇਢ ਕਿੱਲੇ ਦੀ ਜ਼ਮੀਨ ਦਾ ਮਾਲਕ ਸੀ।
ਕਿਸਾਨ ਅੰਦੋਲਨ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ 3 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਸਮੇਤ ਹੋਰ ਕਈ ਮੰਗਾਂ ’ਤੇ ਅੜੇ ਹੋਏ ਹਨ। ਸਰਕਾਰ ਨਾਲ ਹੁਣ ਤੱਕ ਚਾਰ ਦੌਰ ਦੀ ਗੱਲਬਾਤ ਅਸਫ਼ਲ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਹੜਤਾਲ ’ਤੇ ਰਹਿਣਗੇ ।