ਕਰਜ਼ੇ ਤੋੋਂ ਤੰਗ ਆਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਕੌਸ਼ਲ ਮੱਲ੍ਹਾ, ਹਠੂਰ,9 ਮਾਰਚ 2024
ਪਿੰਡ ਬੱਸੂਵਾਲ ਦੇ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਹਠੂਰ ਦੇ ਏਐੱਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਦੀਪ ਸਿੰਘ ਉਰਫ ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਜੋ ਆਪਣੀ ਢਾਈ ਏਕੜ ਜ਼ਮੀਨ ਵਿਚ ਖੇਤੀਬਾੜੀ ਦਾ ਕੰਮ ਕਰਦਾ ਸੀ। ਇਸ ਜ਼ਮੀਨ ਵਿਚੋਂ ਇੱਕ ਏਕੜ ਜ਼ਮੀਨ ਵੇਚ ਦਿੱਤੀ ਸੀ ਅਤੇ ਬਾਕੀ ਬਚਦੀ ਡੇਢ ਏਕੜ ਜ਼ਮੀਨ ਗਹਿਣੇ ਰੱਖੀ ਹੋਈ ਹੈ। ਮ੍ਰਿਤਕ ਗੁਰਦੀਪ ਸਿੰਘ ਲਗਭਗ ਦਸ ਲੱਖ ਰੁਪਏ ਦਾ ਕਰਜ਼ਾਈ ਸੀ ਅਤੇ ਜਿਸ ਕਾਰਨ ਉਹ ਪਰੇਸ਼ਾਨ ਰਹਿਣ ਲੱਗ ਗਿਆ ਤਾਂ ਉਸ ਨੇ ਵੀਰਵਾਰ ਨੂੰ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨੂੰ ਪਰਿਵਾਰਕ ਮੈਂਬਰਾ ਨੇ ਪਿੰਡ ਰੂੰਮੀ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਜਸਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਹਠੂਰ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਸਰਕਾਰੀ ਹਸਪਤਾਲ ਜਗਰਾਓਂ ਤੋਂ ਲਾਸ਼ ਦਾ ਪੋਸਟਮਾਰਟਮ ਕਰ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮਿ੍ਰਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ ਗੁਰਦੀਪ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਨਾਬਾਲਗ ਲੜਕਿਆਂ ਨੂੰ ਛੱਡ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਜਗਰਾਓਂ ਦੇ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਅਤੇ ਗ੍ਰਾਮ ਪੰਚਾਇਤ ਬੱਸੂਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਗੁਰਦੀਪ ਸਿੰਘ ਦਾ ਕਰਜ਼ਾ ਮਾਫ ਕਰ ਕੇ ਯੋਗ ਸਹਾਇਤਾ ਕੀਤੀ ਜਾਵੇ।