ਪਠਾਨਕੋਟ ਦੇ ਰੇਲਵੇ ਸਟੇਸ਼ਨ ਤੇ ਵੀ ਰੁਕੇਗੀ ਵੰਦੇ ਭਾਰਤ ਐਕਸਪ੍ਰੈਸ

ਪਠਾਨਕੋਟ,8 ਮਾਰਚ 2024

ਹੁਣ ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਰੇਲਗੱਡੀ ਪਠਾਨਕੋਟ ਦੇ ਕੈਂਟ ਸਟੇਸ਼ਨ ਵਿਖੇ ਰੁਕੇਗੀ ਅਤੇ ਵੰਦੇ ਭਾਰਤ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ‘ਤੇ ਦੋ ਮਿੰਟ ਰੁਕੇਗੀ, ਪਠਾਨਕੋਟ ਦੇ ਨਾਲ-ਨਾਲ ਹਿਮਾਚਲ ਦੇ ਵਪਾਰੀਆਂ ਨੂੰ ਵੰਦੇ ਭਾਰਤ ਦੇ ਰੁਕਣ ਦੇ ਨਾਲ ਵੱਡੀ ਰਾਹਤ ਮਿਲਣ ਵਾਲੀ ਹੈ।

ਪਠਾਨਕੋਟ ਕੈਂਟ ਵਿਖੇ ਵੰਦੇ ਭਾਰਤ ਦੇ ਪਹਿਲੇ ਸਟਾਪੇਜ ਮੌਕੇ ਆਪਣੇ ਸੰਬੋਧਨ ਦੌਰਾਨ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ  ਨੇ ਕਿਹਾ ਕਿ ਵਪਾਰੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਵੰਦੇ ਭਾਰਤ ਰੇਲ ਗੱਡੀ ਨੂੰ ਪਠਾਨਕੋਟ ਕੈਂਟ ਵਿਖੇ ਸਟਾਪ ਦਿੱਤਾ ਜਾਵੇ ਅਤੇ ਉਨ੍ਹਾਂ ਵਲੋਂ ਵਪਾਰੀਆਂ ਦੀ ਇਹ ਮੰਗ ਕੇਂਦਰੀ ਰੇਲ ਮੰਤਰੀ ਦੇ ਸਾਹਮਣੇ ਵੀ ਰੱਖੀ।ਇਸ ਨੂੰ ਪ੍ਰਵਾਨਗੀ ਦੇ ਕੇ ਕੇਂਦਰੀ ਰੇਲ ਮੰਤਰੀ ਨੇ ਪਠਾਨਕੋਟ ਵਾਸੀਆਂ ਨੂੰ ਇਹ ਵੱਡਾ ਤੋਹਫ਼ਾ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਪਠਾਨਕੋਟ ਕੈਂਟ ਸਟੇਸ਼ਨ ਦੇ ਨਾਲ ਹੀ 25 ਕਿਲੋਮੀਟਰ ਦੂਰ ਕਠੂਆ ਸਟੇਸ਼ਨ ‘ਤੇ ਦੂਜੀ ਵੰਦੇ ਭਾਰਤ ਰੇਲ ਗੱਡੀ ਦਾ ਸਟਾਪੇਜ ਵੀ ਹੈ, ਜਿਸ ਨਾਲ ਪਠਾਨਕੋਟ ਦੇ ਵਪਾਰੀਆਂ ਨੂੰ ਵੀ ਫਾਇਦਾ ਹੋਵੇਗਾ। ਹਿਮਾਚਲ ਦੇ ਚੰਬਾ ਅਤੇ ਕਾਂਗੜਾ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਹੈ ਕਿ ਪਠਾਨਕੋਟ ਇਲਾਕੇ ‘ਚ ਵੱਡੀ ਗਿਣਤੀ ‘ਚ ਫੌਜ ਦੇ ਜਵਾਨ ਰਹਿੰਦੇ ਹਨ, ਇਸ ਲਈ ਫੌਜ ਦੇ ਜਵਾਨਾਂ ਨੂੰ ਵੀ ਇਸ ਟਰੇਨ ਦਾ ਫਾਇਦਾ ਹੋਣ ਵਾਲਾ ਹੈ।