Canada  ਕੈਨੇਡਾ ‘ਚ ਇੱਕ ਪਰਿਵਾਰ ਦੇ ਚਾਰ ਬੱਚਿਆਂ ਸਮੇਤ 6 ਮੈਂਬਰਾਂ ਦਾ ਕਤਲ – ਦੋਸ਼ੀ ਗ੍ਰਿਫਤਾਰ

 

ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ ਇੱਕ 19 ਸਾਲਾ ਸ੍ਰੀਲੰਕਾਈ ਨੋਜਵਾਨ ਨੇ ਆਪਣੇ ਜਾਣਕਾਰ 6 ਲੋਕਾਂ ਨੂੰ ਤੇਜ਼ ਧਾਰ ਚਾਕੂ ਨਾਲ ਮਾਰ ਦਿੱਤਾ । ਓਟਾਵਾ ਪੁਲਿਸ ਨੇ ਇੱਕ 19 ਸਾਲਾ ਸ੍ਰੀਲੰਕਾਈ ਵਿਦਿਆਰਥੀ ਨੂੰ ਹੱਤਿਆ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕਾਂ ਵਿੱਚ ਸ੍ਰੀਲੰਕਾ ਦੇ ਇੱਕੋ ਪਰਿਵਾਰ ਦੇ ਚਾਰ ਬੱਚੇ ਅਤੇ ਉਹਨਾਂ ਦੀ ਮਾਂ ਅਤੇ ਪਰਿਵਾਰ ਦਾ ਇੱਕ ਨਜ਼ਦੀਕੀ ਵਿਅਕਤੀ  ਸ਼ਾਮਲ ਹਨ , ਜਦੋਂ ਕਿ ਬੱਚਿਆਂ ਦਾ ਪਿਓ ਜਖ਼ਮੀ ਹੋ ਗਿਆ ਜਿਸ ਨੂੰ ਪੁਲਿਸ ਨੇ ਹਸਪਤਾਲ ਦਾਖਲ ਕਰਵਾਇਆ ਹੈ।

 ਓਟਾਵਾ ਦੇ ਪੁਲਿਸ ਮੁਖੀ ਐਰਿਕ ਸਟੱਬਸ ਨੇ ਕਿਹਾ ਕਿ ਦੋਸ਼ੀ, ਜਿਸ ਦੀ ਪਛਾਣ ਫੈਬਰੀਸੀਓ ਡੀ-ਜ਼ੋਏਸਾ ਵਜੋਂ ਹੋਈ ਹੈ, ਨੇ ਲੋਕਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਉਸ ‘ਤੇ ਪਹਿਲੇ ਦਰਜੇ ਦੇ ਛੇ ਕਤਲ  ਅਤੇ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਦਾ ਦੋਸ਼ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸ੍ਰੀਲੰਕਾ ਦੇ ਨਾਗਰਿਕ ਸਨ ਜੋ ਹਾਲ ਹੀ ਵਿੱਚ ਕੈਨੇਡਾ ਆਏ ਸਨ। ਇਨ੍ਹਾਂ ਵਿੱਚ 35 ਸਾਲਾ ਮਾਂ, ਸੱਤ ਸਾਲਾ ਪੁੱਤਰ, ਚਾਰ ਸਾਲ ਦੀ ਧੀ, ਢਾਈ ਸਾਲ ਦੀ ਧੀ ਅਤੇ ਢਾਈ ਮਹੀਨੇ ਦੀ ਬੱਚੀ ਸ਼ਾਮਲ ਹੈ। ਨਾਲ ਹੀ, ਇੱਕ 40 ਸਾਲਾ ਵਿਅਕਤੀ, ਜੋ ਕਿ ਪਰਿਵਾਰ ਦਾ ਇੱਕ ਜਾਣਕਾਰ ਸੀ, ਦੀ ਮੌਤ ਹੋ ਗਈ ਹੈ।

ਪੁਲਿਸ ਮੁਖੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਚਿਆਂ ਦੇ ਪਿਤਾ ਘਰ ਤੋਂ ਬਾਹਰ ਆ ਗਏ ਅਤੇ ਲੋਕਾਂ ਨੂੰ 911 ‘ਤੇ ਕਾਲ ਕਰਨ ਲਈ ਕਿਹਾ। ਪਤੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ ਵਿੱਚ ਭਰਤੀ ਹੈ। ਉਨ੍ਹਾਂ ਕਿਹਾ ਕਿ ਇਹ ਬੇਕਸੂਰ ਲੋਕਾਂ ‘ਤੇ ਜ਼ੁਲਮ ਕਰਨ ਦੀ ਕੋਝੀ ਕਾਰਵਾਈ ਹੈ। ਓਟਾਵਾ ਸਥਿਤ ਸ੍ਰੀਲੰਕਾ ਹਾਈ ਕਮਿਸ਼ਨ ਨੇ ਕਿਹਾ ਕਿ ਪੀੜਤ ਪਰਿਵਾਰ ਸ੍ਰੀਲੰਕਾ ਦਾ ਰਹਿਣ ਵਾਲਾ ਸੀ।