ਜੇਕਰ ਸਰਕਾਰ ਕਿਸਾਨਾਂ ਨੂੰ ਦਿੱਲੀ ਆਉਣ ਦੀ ਇਜਾਜ਼ਤ ਨਹੀਂ ਦੇ ਰਹੀ ਤਾਂ ਅਸੀਂ ਉਨ੍ਹਾਂ ਨੂੰ ਚੋਣਾਂ ਦੌਰਾਨ ਪਿੰਡਾਂ ’ਚ ਨਹੀਂ ਆਉਣ ਦੇਵਾਂਗੇ : ਰਾਕੇਸ਼ ਟਿਕੈਤ
ਮੇਰਠ,(ਉੱਤਰ ਪ੍ਰਦੇਸ਼) 21 ਫ਼ਰਵਰੀ 2024
ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਦਿੱਲੀ ਆਉਣ ਦੀ ਇਜਾਜ਼ਤ ਨਹੀਂ ਰਹੀ ਤਾਂ ਕਿਸਾਨ ਉਨ੍ਹਾਂ ਨੂੰ ਚੋਣਾਂ ’ਚ ਪਿੰਡਾਂ ’ਚ ਨਹੀਂ ਆਉਣ ਦੇਣਗੇ। ਮੇਰਠ ’ਚ ਬੀ.ਕੇ.ਯੂ. ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਰੰਟੀ, ਗੰਨੇ ਦੇ ਬਕਾਇਆ ਮੁੱਲ ਦਾ ਭੁਗਤਾਨ, ਕਿਸਾਨਾਂ ਵਿਰੁਧ ਕੇਸ ਵਾਪਸ ਲੈਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਕਈ ਥਾਵਾਂ ’ਤੇ ਬੈਰੀਕੇਡ ਵੀ ਲਗਾਏ ਸਨ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਰਸਤੇ ਤੋਂ ਹਟਾ ਦਿਤਾ ਅਤੇ ਅੱਗੇ ਵਧ ਗਏ। ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਰਸਤੇ ’ਚ ਕਿੱਲਾਂ ਲਾਉਣਾ ਕਿਸੇ ਵੀ ਸਥਿਤੀ ’ਚ ਸਹੀ ਨਹੀਂ ਹੈ। ਜੇ ਉਹ ਸਾਡੇ ਲਈ ਕਿੱਲਾਂ ਲਗਾਉਂਦੇ ਹਨ, ਤਾਂ ਅਸੀਂ ਅਪਣੇ ਪਿੰਡ ’ਚ ਵੀ ਕਿੱਲਾਂ ਲਗਾਵਾਂਗੇ। ਸਾਨੂੰ ਵੀ ਅਪਣੇ ਪਿੰਡਾਂ ਦੀ ਬੈਰੀਕੇਡਿੰਗ ਕਰਨੀ ਪਵੇਗੀ।’’ ਉਹ ਅੰਦੋਲਨ ਨੂੰ ਕੁਚਲਣ ਦਾ ਕੰਮ ਕਰਦੇ ਹਨ, ਤਾਂ ਉਨ੍ਹਾਂ ਨੂੰ ਪਿੰਡ ਆਉਣ ਦੀ ਇਜਾਜ਼ਤ ਕੌਣ ਦੇਵੇਗਾ? ਕਿੱਲਾਂ ਤਾਂ ਪਿੰਡ ’ਚ ਵੀ ਹਨ।’’ਭਾਜਪਾ ਸਰਕਾਰ ਨੂੰ ਉਦਯੋਗਪਤੀਆਂ ਦੀ ਸਰਕਾਰ ਦੱਸਦਿਆਂ ਬੀ.ਕੇ.ਯੂ. ਦੇ ਬੁਲਾਰੇ ਨੇ ਕਿਹਾ ਕਿ ਜੇਕਰ ਇਹ ਕਿਸਾਨਾਂ ਦੀ ਸਰਕਾਰ ਹੁੰਦੀ ਤਾਂ ਐਮ.ਐਸ.ਪੀ. ਦੀ ਗਰੰਟੀ ਦੇਣ ਵਾਲਾ ਕਾਨੂੰਨ ਕਦੋਂ ਦਾ ਬਣ ਚੁੱਕਾ ਹੁੰਦਾ। ਇਹ ਪੁੱਛੇ ਜਾਣ ’ਤੇ ਕਿ ਉਹ ਦਿੱਲੀ ਜਾ ਕੇ ਕਿਸਾਨ ਅੰਦੋਲਨ ’ਚ ਸ਼ਾਮਲ ਕਿਉਂ ਨਹੀਂ ਹੋਏ, ਉਨ੍ਹਾਂ ਕਿਹਾ, ‘‘ਸਾਡੇ ਲਈ ਇਹੀ ਦਿੱਲੀ ਹੈ। ਦੇਸ਼ ਭਰ ਦੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਇਕਜੁੱਟ ਹਨ। ਅਸੀਂ ਕਿਸਾਨਾਂ ਲਈ ਕਿਤੇ ਵੀ ਜਾਣ ਲਈ ਤਿਆਰ ਹਾਂ।
ਟਿਕੈਤ ਨੇ ਕਿਹਾ ਕਿ ਅੱਜ ਬੀ.ਕੇ.ਯੂ. ਮੇਰਠ ਸਮੇਤ ਦੇਸ਼ ਭਰ ਤੋਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਐਮ.ਐਸ.ਪੀ. ਦੇ ਨਾਲ-ਨਾਲ ਗੰਨੇ ਦੀਆਂ ਕੀਮਤਾਂ ’ਚ ਵਾਧੇ ਅਤੇ ਸਵਾਮੀਨਾਥਨ ਰੀਪੋਰਟ ਨੂੰ ਲਾਗੂ ਕਰਨ ਦੀ ਮੰਗ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਦੇਸ਼ ਭਰ ’ਚ ਅੰਦੋਲਨ ਕੀਤਾ ਜਾਵੇਗਾ। ਕਿਸਾਨਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਅੰਦੋਲਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਬੀ.ਕੇ.ਯੂ. ਨੇਤਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਵੀਰਵਾਰ ਨੂੰ ਬੈਠਕ ਹੋਵੇਗੀ ਜਿਸ ’ਚ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਬੀ.ਕੇ.ਯੂ. ਦੇ ਜ਼ਿਲ੍ਹਾ ਪ੍ਰਧਾਨ ਅਨੁਰਾਗ ਚੌਧਰੀ ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਨੇ ਅੱਜ ਜ਼ਿਲ੍ਹਾ ਹੈੱਡਕੁਆਰਟਰ ਤਕ ਕਿਸਾਨਾਂ ਨੂੰ ਰੋਕਣ ਲਈ ਤਿੰਨ ਥਾਵਾਂ ’ਤੇ ਬੈਰੀਕੇਡ ਲਗਾਏ ਸਨ ਪਰ ਉਹ ਕਿਸਾਨਾਂ ਨੂੰ ਜ਼ਿਲ੍ਹਾ ਕੁਲੈਕਟਰ ਦਫ਼ਤਰ ਤਕ ਪਹੁੰਚਣ ਤੋਂ ਨਹੀਂ ਰੋਕ ਸਕੇ।