ਭਾਜਪਾ ਦੇ ਮਨੋਜ ਸੋਨਕਰ ਨੇ ਆਪ-ਕਾਂਗਰਸ ਉਮੀਦਵਾਰ ਨੂੰ ਹਰਾ ਕੇ ਚੰਡੀਗੜ੍ਹ ਮੇਅਰ ਦੀ ਚੋਣ ਜਿੱਤੀ
ਚੰਡੀਗੜ੍ਹ, 30 ਜਨਵਰੀ
ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ ਨੇ ਅੱਜ ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿੱਚ ਕਾਂਗਰਸ ਸਮਰਥਕ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੂੰ ਹਰਾ ਦਿੱਤਾ। ਸੋਨਕਰ ਨੂੰ 16 ਜਦਕਿ ਕੁਲਦੀਪ ਕੁਮਾਰ ਨੂੰ 12 ਵੋਟਾਂ ਮਿਲੀਆਂ। ਅੱਠ ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ। ਨਤੀਜੇ ਦਾ ਐਲਾਨ ਹੁੰਦੇ ਹੀ ਵਿਰੋਧੀ ਗਠਜੋੜ ਇੰਡੀਆ ਦੇ ਭਾਈਵਾਲ ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਪ੍ਰਦਰਸ਼ਨ ਕੀਤਾ। ਦਿੱਲੀ ‘ਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ‘ਧੋਖਾਧੜੀ’ ਦਾ ਦੋਸ਼ ਲਗਾਇਆ ਹੈ। ਚੁਣਿਆ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇੇਅਰ ਦੀਆਂ ਚੋਣਾਂ ਕਰਵਾਏਗਾ। ਚੰਡੀਗੜ੍ਹ ਨਗਰ ਨਿਗਮ ਦੇ 35 ਮੈਂਬਰੀ ਸਦਨ ਵਿੱਚ ਭਾਜਪਾ ਦੇ 14 ਕੌਂਸਲਰ ਹਨ। ‘ਆਪ’ ਦੇ 13 ਅਤੇ ਕਾਂਗਰਸ ਦੇ 7 ਕੌਂਸਲਰ ਹਨ। ਸ਼੍ਰੋਮਣੀ ਅਕਾਲੀ ਦਲ ਦਾ ਇਕ ਕੌਂਸਲਰ ਹੈ।