ਪੀ.ਸੀ.ਆਈ. ਦੀ ਟੀਮ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਤਿੰਨ ਦਿਨਾਂ ਦੌਰੇ ‘ਤੇ, ਪੰਜਾਬ ਨੇ ਦਿੱਤਾ ਪੂਰਨ ਤੇ ਨਿਰਪੱਖ ਸਹਿਯੋਗ ਦਾ ਭਰੋਸਾ
ਚੰਡੀਗੜ੍ਹ, 18 ਅਕਤੂਬਰ:
ਪ੍ਰੈਸ ਕੌਂਸਲ ਆਫ ਇੰਡੀਆ (ਪੀ.ਸੀ.ਆਈ.) ਦੀ ਨੁਮਾਇੰਦਗੀ ਕਰਨ ਵਾਲੀ ਅਧਿਕਾਰਤ ਪੰਜ ਮੈਂਬਰੀ ਟੀਮ, ਜੋ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੰਜਾਬ, ਚੰਡੀਗੜ੍ਹ (ਯੂਟੀ) ਅਤੇ ਹਰਿਆਣਾ ਰਾਜ ਦੇ ਤਿੰਨ ਦਿਨਾਂ ਦੌਰੇ ‘ਤੇ ਹੈ, ਨੇ ਅੱਜ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਕੌਂਸਲ ਦੇ ਕਨਵੀਨਰ ਸ੍ਰੀ ਵਿਨੋਦ ਕੋਹਲੀ ਦੀ ਅਗਵਾਈ ਵਾਲੇ ਪੀ.ਸੀ.ਆਈ ਦੇ ਵਫ਼ਦ ਵਿਚ ਸ੍ਰੀ ਐਲ.ਸੀ. ਭਾਰਤੀਆ, ਸ਼੍ਰੀ ਕਿੰਗਸ਼ੁਕ ਪ੍ਰਮਾਨਿਕ, ਸ਼੍ਰੀ ਜੈ ਸ਼ੰਕਰ ਗੁਪਤਾ ਅਤੇ ਸ਼੍ਰੀ ਪ੍ਰਸੰਨਾ ਕੁਮਾਰ ਮੋਹੰਤੀ ਮੈਂਬਰਾਂ ਵਜੋਂ ਸ਼ਾਮਿਲ ਸਨ।
ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ ਅਤੇ ਡਾਇਰੈਕਟਰ ਭੁਪਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪੀ.ਸੀ.ਆਈ ਟੀਮ ਨੇ ਦੱਸਿਆ ਕਿ ਇਸ ਮੀਟਿੰਗ ਦਾ ਮਕਸਦ ਪੀ.ਸੀ.ਆਈ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ ਤਾਂ ਜੋ ਪੱਤਰਕਾਰਾਂ ਦੀ ਕੰਮਕਾਜੀ ਸਥਿਤੀਆਂ ਅਤੇ ਸੁਰੱਖਿਆ ਨੂੰ ਬਿਹਤਰ ਬਣਾਇਆ ਜਾ ਸਕੇ।
ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਮੈਂਬਰਾਂ ਨੇ ਅਧਿਕਾਰੀਆਂ ਨੂੰ ਇਲਾਕੇ ਦੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਸਰਗਰਮ ਕਦਮ ਚੁੱਕਣ ਲਈ ਕਿਹਾ।
ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ ਨੇ ਪੀ.ਸੀ.ਆਈ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਕੌਂਸਲ ਦੀਆਂ ਸਿਫ਼ਾਰਸ਼ਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਸਕੱਤਰ ਨੇ ਕਿਹਾ, “ਪੀਸੀਆਈ ਅਤੇ ਖੇਤਰੀ ਅਥਾਰਟੀਆਂ ਦੇ ਸਹਿਯੋਗੀ ਯਤਨਾਂ ਦਾ ਉਦੇਸ਼ ਪੱਤਰਕਾਰਾਂ ਲਈ ਵਧੇਰੇ ਸੁਰੱਖਿਅਤ ਮਾਹੌਲ ਪੈਦਾ ਕਰਨਾ, ਸੂਚਨਾ ਦੇ ਸੁਤੰਤਰ ਪ੍ਰਵਾਹ ਅਤੇ ਜ਼ਿੰਮੇਵਾਰ ਪੱਤਰਕਾਰੀ ਨੂੰ ਉਤਸ਼ਾਹਿਤ ਕਰਨਾ ਹੈ”। ਉਹਨਾਂ ਨੇ ਕਿਹਾ ਕਿ ਰਾਜ ਸਰਕਾਰ ਪੱਤਰਕਾਰਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਰਾਜ ਸਰਕਾਰ ਵੱਲੋਂ ਪੱਤਰਕਾਰਾਂ ਲਈ ਸ਼ੁਰੂ ਕੀਤੀਆਂ ਵੱਖ-ਵੱਖ ਭਲਾਈ ਸਕੀਮਾਂ ਦੀ ਸੂਚੀ ਵੀ ਸਾਂਝੀ ਕੀਤੀ।
ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਸੂਬਾ ਸਰਕਾਰ ਦੀ ਕਾਰਜਸ਼ੀਲ ਪਹੁੰਚ ਦੀ ਸ਼ਲਾਘਾ ਕਰਦਿਆਂ ਟੀਮ ਨੇ ਪ੍ਰਗਟਾਈ ਕਿ ਪੱਤਰਕਾਰਾਂ ਦੀ ਭਲਾਈ ਸੂਬਾ ਸਰਕਾਰ ਦੀ ਹਮੇਸ਼ਾ ਪਹਿਲੀ ਤਰਜੀਹ ਰਹੇਗੀ।
ਮੀਟਿੰਗ ਵਿੱਚ ਹਾਜ਼ਰ ਹੋਰਨਾਂ ਪਤਵੰਤਿਆਂ ਤੋ ਇਲਾਵਾ ਜੁਆਇੰਟ ਡਾਇਰੈਕਟਰ ਸ੍ਰੀ ਰਣਦੀਪ ਸਿੰਘ ਆਹਲੂਵਾਲੀਆ, ਸ੍ਰੀ ਇਸ਼ਵਿੰਦਰ ਸਿੰਘ ਗਰੇਵਾਲ, ਸ੍ਰੀਮਤੀ ਸ਼ਿਖਾ ਨਹਿਰਾ ਅਤੇ ਸ੍ਰੀ ਮਨਵਿੰਦਰ ਸਿੰਘ (ਸਾਰੇ ਡਿਪਟੀ ਡਾਇਰੈਕਟਰ) ਸ਼ਾਮਲ ਸਨ।