ਕੈਨੇਡਾ – ਇੰਡੀਆ ਵਿਵਾਦ : ਸਟੱਡੀ ਵੀਜ਼ਾ ‘ਤੇ ਵੀ ਵੱਡਾ ਅਸਰ – ਕੈਨੇਡਾ ਐਜੂਕੇਸ਼ਨ ਫੇਅਰ ਹੋਣ ਲੱਗੇ ਮੁਲਤਵੀ 

ਨਿਊਜ਼ ਪੰਜਾਬ

ਕੈਨੇਡਾ ਇੰਡੀਆ ਵਿਵਾਦ ਦਾ ਜੇ ਜਲਦੀ ਹੱਲ ਨਾ ਹੋਇਆ ਤਾਂ ਮੌਜੂਦਾ ਹਾਲਾਤ ‘ਚ ਜਨਵਰੀ 2024 ਤੇ ਮਈ 2024 ਦੇ ਇਨਟੇਕ (ਕੈਨੇਡਾ ‘ਚ ਚਾਰ ਮਹੀਨਿਆਂ ਦੇ ਸਮੈਸਟਰ ਨੂੰ ਇਨਟੇਕ ਕਿਹਾ ਜਾਂਦਾ ਹੈ) ਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ।

23/09/2023 |News Punjab Bureau

ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਵਧਦੇ ਤਣਾਅ ਕਾਰਨ ਮਾਪਿਆਂ ਦੇ ਨਾਲ-ਨਾਲ ਸਲਾਹਕਾਰ ਵੀ ਤਣਾਅ ‘ਚ ਆ ਗਏ ਹਨ। ਕਾਰਨ, ਜੇਕਰ ਕੈਨੇਡਾ ਸਟੱਡੀ ਵੀਜ਼ਾ ਬੰਦ ਕਰ ਦਿੰਦਾ ਹੈ ਤਾਂ ਕੰਸਲਟੈਂਸੀ ਨਾਲ ਜੁੜੇ ਲੋਕਾਂ ਨੂੰ ਬਹੁਤ ਨੁਕਸਾਨ ਹੋਵੇਗਾ। ਇਸ ਦੇ ਮੱਦੇਨਜ਼ਰ ਕੰਸਲਟੈਂਸ ਕੈਨੇਡਾ ਐਜੂਕੇਸ਼ਨ ਫੇਅਰ ਮੁਲਤਵੀ ਕਰਨ ਲੱਗੇ ਹਨ। ਮੌਜੂਦਾ ਹਾਲਾਤ ‘ਚ ਜਨਵਰੀ 2024 ਤੇ ਮਈ 2024 ਦੇ ਇਨਟੇਕ (ਕੈਨੇਡਾ ‘ਚ ਚਾਰ ਮਹੀਨਿਆਂ ਦੇ ਸਮੈਸਟਰ ਨੂੰ ਇਨਟੇਕ ਕਿਹਾ ਜਾਂਦਾ ਹੈ) ਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ। ਵਿਦਿਆਰਥੀ ਸਟੱਡੀ ਵੀਜ਼ਾ ਲਈ ਅਪਲਾਈ ਕਰਨ ਤੇ ਕੈਨੇਡੀਅਨ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਕੋਰਸਾਂ ਦੀ ਚੋਣ ਕਰਨ ਲਈ ਐਜੂਕੇਸ਼ਨ ਕੰਸਲਟੈਂਸੀ ਦੇ ਦਫ਼ਤਰਾਂ ਦਾ ਰੁਖ਼ ਕਰਦੇ ਹਨ।

 

ਇਸ ਦੇ ਨਾਲ ਹੀ ਇਨ੍ਹਾਂ ਦਿਨਾਂ ਦੌਰਾਨ ਐਜੂਕੇਸ਼ਨ ਕੰਸਲਟੈਂਸੀ ਸੰਚਾਲਕ ਸਿੱਖਿਆ ਮੇਲੇ ਲਗਾਉਂਦੇ ਹਨ ਤੇ ਵਿਦਿਆਰਥੀਆਂ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ਵੱਲੋਂ ਦਿੱਤੇ ਜਾਂਦੇ ਵਜ਼ੀਫ਼ਿਆਂ ਤੇ ਵੱਖ-ਵੱਖ ਅਕਾਦਮਿਕ ਸਹੂਲਤਾਂ ਬਾਰੇ ਦੱਸਦੇ ਹਨ। ਇਸ ਮੇਲੇ ਦੌਰਾਨ ਵਿਦਿਆਰਥੀਆਂ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਦਾਖਲੇ ਲਈ ਆਫਰ ਲੈਟਰ ਦਿੱਤੇ ਜਾਂਦੇ ਹਨ। ਇਸ ਮੇਲੇ ‘ਚ ਕੈਨੇਡਾ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਨੁਮਾਇੰਦੇ ਵੀ ਸ਼ਿਰਕਤ ਕਰਦੇ ਹਨ ਤੇ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦਿੰਦੇ ਹਨ। ਜਲੰਧਰ ਦੀਆਂ 75 ਫੀਸਦੀ ਐਜੂਕੇਸ਼ਨ ਕੰਸਲਟੈਂਸੀ ਕੈਨੇਡਾ ਸਟੱਡੀ ਵੀਜ਼ਾ ਨਾਲ ਡੀਲ ਕਰਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਲਾਹਕਾਰਾਂ ਨੇ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਕੈਨੇਡਾ ਵੀਜ਼ਾ ਮੇਲਾ ਕਰਵਾਉਣਾ ਸੀ। ਫਿਲਹਾਲ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਦੇਖਦੇ ਹੋਏ ਜ਼ਿਆਦਾਤਰ ਸਲਾਹਕਾਰਾਂ ਨੇ ਸਿੱਖਿਆ ਮੇਲਾ ਮੁਲਤਵੀ ਕਰ ਕੇ ਅਕਤੂਬਰ ਦੇ ਆਖਰੀ ਹਫਤੇ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਆਉਣ ਵਾਲੇ ਦਿਨਾਂ ‘ਚ ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਸੁਧਾਰ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਦੁਆਬਾ ਖੇਤਰ ਤੋਂ ਤੀਹ ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ।